ਕੁਲਦੀਪ ਸਿੰਘ
ਚੰਡੀਗੜ੍ਹ, 11 ਮਈ
ਸੀ.ਟੀ.ਯੂ. ਮੁਲਾਜ਼ਮਾਂ ਵੱਲੋਂ ਮੈਨੇਜਮੈਂਟ ਦੇ ਫੈਸਲਿਆਂ ਨੂੰ ਗਲਤ ਗਰਦਾਨਦੇ ਹੋਏ ਅਤੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਸੈਕਟਰ 17 ਬੱਸ ਸਟੈਂਡ ’ਤੇ ਦੋ ਘੰਟੇ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ। ਇਸੇ ਦੌਰਾਨ ਯੂਨੀਅਨ ਦੇ ਵਫ਼ਦ ਵੱਲੋਂ ਯੂ.ਟੀ. ਪ੍ਰਸ਼ਾਸਨ ਦੇ ਏ.ਡੀ.ਸੀ. ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਜਿਸ ਦੌਰਾਨ ਏ.ਡੀ.ਸੀ. ਨੇ ਵਫ਼ਦ ਨੂੰ ਸੁਣ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਸੈਕਟਰੀ ਟਰਾਂਸਪੋਰਟ ਕੋਲ ਭੇਜ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਯੂਨੀਅਨ ਦੇ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਵਾਈਸ ਪ੍ਰਧਾਨ ਚਰਨਜੀਤ ਸਿੰਘ ਢੀਂਡਸਾ ਤੇ ਜਨਰਲ ਸਕੱਤਰ ਸਤਿੰਦਰ ਸਿੰਘ ਕਿਹਾ ਕਿ ਮੈਨੇਜਮੈਂਟ ਵੱਲੋਂ ਪਿਛਲੇ ਚਾਰ ਪੰਜ ਸਾਲਾਂ ਤੋਂ ਅਦਾਰੇ ਨੂੰ ਖੋਰਾ ਲਾਉਣ ਦੀ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਸੀ.ਟੀ.ਯੂ. ਦੇ ਡਿਪੂਆਂ ਨੂੰ ਸਾਜਿ਼ਸ਼਼ ਅਧੀਨ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ, 417 ਬੱਸਾਂ ਦੇ ਮਨਜ਼ੂਰਸ਼ੁਦਾ ਫਲੀਟ ਨੂੰ ਖੋਰਾ ਲਾਇਆ ਜਾ ਰਿਹਾ ਹੈ। ਬਿਜਲਈ ਬੱਸਾਂ ਪ੍ਰਾਈਵੇਟ ਠੇਕੇਦਾਰ ਦੇ ਅਧੀਨ ਖਰੀਦ ਕੇ ਅਦਾਰੇ ਨੂੰ ਖਤਮ ਕਰਨ ਦੀ ਕੋਝੀ ਚਾਲ ਹੈ। ਸੀਟੀਯੂ ਕੋਲ ਬਜਟ ਹੋਣ ਦੇ ਬਾਵਜੂਦ ਕੰਡਮ ਬੱਸਾਂ ਦੀ ਥਾਂ ਮਨਜ਼ੂਰ ਹੋਈਆਂ 41 ਐਚ.ਵੀ.ਏ.ਸੀ. ਬੱਸਾਂ ਦੇ ਟੈਂਡਰ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਲੰਮੇ ਸਮੇਂ ਤੋਂ ਡਰਾਈਵਰ ਤੇ ਕੰਡਕਟਰ ਦੀ ਭਰਤੀ ਨਹੀਂ ਕੀਤੀ ਜਾ ਰਹੀ। ਮੁਲਾਜ਼ਮਾਂ ਦਾ 50 ਲੱਖ ਦਾ ਬੀਮਾ ਅਤੇ ਵੈਕਸੀਨ ਲਾਉਣ ਦਾ ਕੋਈ ਪ੍ਰਬੰਧ ਵਿਭਾਗ ਵਲੋਂ ਨਹੀਂ ਕੀਤਾ ਗਿਆ ਜਦਕਿ ਸਾਰੇ ਮੁਲਾਜ਼ਮ ਕੋਵਿਡ ਮਹਾਂਮਾਰੀ ਦੌਰਾਨ ਜਾਨ ਜ਼ੋਖਮ ਵਿੱਚ ਪਾ ਕੇ ਡਿਊਟੀ ਕਰ ਰਹੇ ਹਨ। ਆਉੂਟਸੋਰਸ ਮੁਲਾਜ਼ਮਾਂ ਲਈ ਸੁਰੱਖਿਅਤ ਪਾਲਿਸੀ ਅਤੇ 15 ਕੈਜ਼ੂਅਲ ਛੁੱਟੀਆਂ ਦੇਣ ਵਿੱਚ ਟਾਲ-ਮਟੋਲ ਕੀਤੀ ਜਾ ਰਹੀ ਹੈ। ਆਊਟਸੋਰਸਿੰਗ ’ਤੇ ਕੰਮ ਰਹੇ ਸਕਿਓਰਿਟੀ ਗਾਰਡ ਅਤੇ ਸਫ਼ਾਈ ਮੁਲਾਜ਼ਮਾਂ ਨੂੰ ਵਧੇ ਹੋਏ ਡੀ.ਸੀ. ਰੇਟ ਲਾਗੂ ਨਹੀਂ ਕੀਤੇ ਜਾ ਰਹੇ।