ਹਰਜੀਤ ਸਿੰਘ
ਜ਼ੀਰਕਪੁਰ, 3 ਜਨਵਰੀ
ਇਥੋਂ ਦੀ 200 ਫੁੱਟੀ ਏਅਰਪੋਰਟ ਸੜਕ ’ਤੇ ਲੰਘੇ ਦਿਨਾਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਟਰੱਕ ਅਪਰੇਟਰਾਂ ਨੇ ਅੱਜ ਮੁੜ ਤੋਂ ਹਵਾਈ ਅੱਡੇ ਚੌਕ ’ਤੇ ਜਾਮ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਜ਼ਹਰਾਕਾਰੀਆਂ ਨੇ ਸ਼ਾਮ ਪੰਜ ਵਜੇ ਪਹਿਲਾਂ ਪੈਦਲ ਮਾਰਚ ਕੀਤਾ ਜਿਸ ਮਗਰੋਂ ਹਵਾਈ ਅੱਡੇ ਚੌਕ ’ਤੇ ਪਹੁੰਚ ਕੇ ਜਾਮ ਲਾ ਦਿੱਤਾ। ਸ਼ਾਮ ਨੂੰ ਪੰਜ ਵਜੇ ਲਾਏ ਜਾਮ ਨੂੰ ਉਨ੍ਹਾਂ ਵੱਲੋਂ ਦੋ ਘੰਟੇ ਸਰਕਾਰ ਦਾ ਪਿੱਟ ਸਿਆਪਾ ਕਰਨ ਮਗਰੋਂ ਸੱਤ ਵਜੇ ਖੋਲ੍ਹਿਆ। ਇਸ ਦੌਰਾਨ ਏਅਰਪੋਰਟ ਰੋਡ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਜਾਮ ਦੌਰਾਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਜ਼ਿਕਰਯੋਗ ਹੈ ਕਿ ਯੂਨੀਅਨਾਂ ਦੀ ਬਹਾਲੀ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਅਪਰੇਟਰਾਂ ਲੰਮੇ ਸਮੇਂ ਤੋਂ ਏਅਰਪੋਰਟ ਸੜਕ ’ਤੇ ਧਰਨਾ ਦੇ ਰਹੇ ਹਨ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ।