ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਮਈ
ਇੱਥੋਂ ਦੇ ਟੀਡੀਆਈ ਸੈਕਟਰ ਦੇ ਵਸਨੀਕਾਂ ਨੇ ਲੰਮਾ ਸਮਾਂ ਬੱਤੀ ਗੁੱਲ ਹੋਣ ਕਾਰਨ ਅੱਜ ਲਾਂਡਰਾਂ-ਬਨੂੜ ਹਾਈਵੇਅ ’ਤੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਟੀਡੀਆਈ ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਤੇ ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਲੰਘੀ ਰਾਤ ਕਰੀਬ ਸਾਢੇ 9 ਵਜੇ ਬੱਤੀ ਗੁੱਲ ਹੋ ਗਈ ਅਤੇ ਹਨੇਰੇ ਤੇ ਗਰਮੀ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਕਿਉਂਕਿ ਇਨਵਰਟਰ ਵੀ ਜਵਾਬ ਦੇ ਗਏ ਸਨ। ਸੈਕਟਰ ਵਾਸੀਆਂ ਨੇ ਅੱਜ ਰੋਸ ਵਿੱਚ ਆ ਕੇ ਪਿੰਡ ਭਾਗੋਮਾਜਰਾ ਨੇੜੇ ਲਾਂਡਰਾਂ-ਬਨੂੜ ਹਾਈਵੇਅ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੰਪਨੀ ਦੇ ਸੇਲਜ਼ ਆਫ਼ਿਸ ਨੂੰ ਵੀ ਤਾਲਾ ਲਗਾ ਦਿੱਤਾ। ਇਸ ਤੋਂ ਕਰੀਬ ਘੰਟੇ ਬਾਅਦ ਸੁਸਾਇਟੀ ਕੰਪਨੀ ਦੇ ਨੁਮਾਇੰਦੇ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਬਿਜਲੀ ਸਪਲਾਈ ਬਹਾਲ ਕਰਵਾਉਣ ਦਾ ਭਰੋਸਾ ਦੇ ਕੇ ਸੈਕਟਰ ਵਾਸੀਆਂ ਨੂੰ ਸ਼ਾਂਤ ਕੀਤਾ। ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 9 ਵਜੇ ਦੀ ਗੁੱਲ ਹੋਈ ਬਿਜਲੀ ਅੱਜ ਦੂਜੇ ਦਿਨ ਸ਼ਾਮ ਨੂੰ ਕਰੀਬ ਸਾਢੇ 4 ਵਜੇ ਆਈ।