ਮੁਕੇਸ਼ ਕੁਮਾਰ
ਚੰਡੀਗੜ੍ਹ, 5 ਦਸੰਬਰ
ਕੇਂਦਰ ਸਰਕਾਰ ਦੇ ਸਮਾਰਟ ਸਿਟੀ ਯੋਜਨਾ ਦੇ ਮਿਸ਼ਨ ਡਾਇਰੈਕਟਰ ਅਤੇ ਜੁਆਇੰਟ ਸਕੱਤਰ ਕੁਨਾਲ ਕੁਮਾਰ ਨੇ ਅੱਜ ਸ਼ਹਿਰ ਦਾ ਦੌਰਾ ਕੀਤਾ ਅਤੇ ਚੰਡੀਗੜ੍ਹ ਸਮਾਰਟ ਸਿਟੀ ਮਿਸ਼ਨ ਸਬੰਧੀ ਪ੍ਰਾਜੈਕਟਾਂ ਦਾ ਮੁਆਇਨਾ ਕੀਤਾ। ਸ਼੍ਰੀ ਕੁਮਾਰ ਨੇ ਸੈਕਟਰ 17 ਨੂੰ ਰੋਜ਼ ਗਾਰਡਨ ਨਾਲ ਜੋੜਨ ਵਾਲੇ ਅੰਡਰਪਾਸ ਦੇ ਡਿਜ਼ਾਈਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਗਰ ਨਿਗਮ ਭਵਨ ਵਿੱਚ ਬਣਾਏ ਗਏ ਇੰਟੀਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਵੀ ਦੌਰਾ ਕੀਤੇ ਅਤੇ ਉਸ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਲਈ। ਇਸ ਮਗਰੋਂ ਉਨ੍ਹਾਂ ਨੇ ਚੰਡੀਗੜ੍ਹ ਸਮਾਰਟ ਸਿਟੀ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਮਿਸ਼ਨ ਤਹਿਤ ਕਰਵਾਏ ਜਾ ਰਹੇ ਕਾਰਜਾਂ ਨੂੰ ਲੈਕੇ ਤਸੱਲੀ ਜ਼ਾਹਿਰ ਕੀਤੀ, ਉਨ੍ਹਾਂ ਨੇ ਸਮਾਰਟ ਸਿਟੀ ਪ੍ਰਾਜੈਕਟਾਂ ਨੂੰ ਛੇਤੀ ਮੁਕੰਮਲ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਈ-ਗਵਰਨੈਂਸ ਨੂੰ ਲੈਕੇ ਕੀਤੇ ਗਏ ਪ੍ਰਬੰਧਾਂ ਬਾਰੇ ਸ਼ਹਿਰ ਦੇ ਨਾਗਰਿਕਾਂ ਦੀ ਫੀਡਬੈੱਕ ਲੈਣ ਦਾ ਸੁਝਾਅ ਵੀ ਦਿੱਤਾ। ਇਸ ਮੌਕੇ ਸੀਜੀਐਮ ਐਨਪੀ ਸ਼ਰਮਾ ਸਮੇਤ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਮਰੇ ਹੋਏ ਜਾਨਵਰਾਂ ਦੇ ਨਿਪਟਾਰੇ ਵਾਲੇ ਪਲਾਂਟ ਬਾਰੇ ਰੇੜਕਾ ਜਾਰੀ: ਚੰਡੀਗੜ੍ਹ ਨਗਰ ਨਿਗਮ ਵੱਲੋਂ ਮਰੇ ਹੋਏ ਜਾਨਵਰਾਂ ਦੇ ਨਿਪਟਾਰੇ ਲਈ ਸੈਕਟਰ-25 ਵਿੱਚ ਪਲਾਂਟ ਲਗਾਏ ਜਾਣ ਨੂੰ ਲੈਕੇ ਸਿਆਸਤ ਜਾਰੀ ਹੈ। ਨਿਗਮ ਵਲੋਂ ਪਹਿਲਾਂ ਇਹ ਪਲਾਂਟ ਇਥੇ ਲਗਾਏ ਜਾਣ ਦਾ ਵਿਰੋਧ ਕੀਤੇ ਜਾਣ ’ਤੇ ਇਸ ਪਲਾਂਟ ਨੂੰ ਸਨਅਤੀ ਖੇਤਰ ਫੇਜ਼-1 ਵਿੱਚ ਲਗਾਉਣ ਦੀ ਤਜਵੀਜ਼ ਤਿਆਰ ਕੀਤੀ ਗਈ ਸੀ ਪਰ ਸਨਅਤੀ ਖੇਤਰ ਫੇਜ਼-1 ਦੀ ਤਜਵੀਜ਼ ਦਾ ਇਲਾਕਾ ਕੌਂਸਲਰ ਸਮੇਤ ਵਾਰਡ ਦੇ ਹੋਰਨਾ ਕੌਂਸਲਰਾਂ ਤੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਇਸ ਤੋਂ ਬਾਅਦ ਪਲਾਂਟ ਨੂੰ ਮੁੜ ਤੋਂ ਸੈਕਟਰ-25 ਵਿੱਚ ਹੀ ਲਗਾਉਣ ਦੇ ਫੈਸਲੇ ’ਤੇ ਮੋਹਰ ਲਗਾ ਦਿੱਤੀ ਗਈ ਸੀ ਅਤੇ ਇਸ ਬਾਰੇ ਬਕਾਇਦਾ ਜ਼ਮੀਨ ਦੀ ਨਿਸ਼ਾਨਦੇਹੀ ਵੀ ਕਰ ਲਈ ਗਈ ਸੀ। ਇਥੇ ਇਸ ਪਲਾਂਟ ਦਾ ਕਾਂਗਰਸ ਦੇ ਕੌਂਸਲਰ ਵਿਰੋਧ ਕਰ ਰਹੇ ਹਨ। ਸੈਕਟਰ-25 ਦੇ ਇਲਾਕਾ ਕੌਂਸਲਰ ਸਮੇਤ ਆਸਪਾਸ ਦੇ ਸੈਕਟਰਾਂ ਦੀਆਂ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਤੇ ਹੋਰ ਸਮਾਜਿਕ ਜਥੇਬੰਦੀਆਂ ਵਲੋਂ ਵੀ ਸੈਕਟਰ-25 ਵਿੱਚ ਪਲਾਂਟ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕੌਂਸਲਰ ਅਰੁਣ ਸੂਦ ਦਾ ਕਹਿਣਾ ਹੈ ਕਿ ਇਹ ਪਲਾਂਟ ਆਟੋਮੈਟਿਕ ਹੈ ਤੇ ਬਦਬੂ ਨਹੀਂ ਆਏਗੀ।
ਸੈਕਟਰ-39 ਦੇ ਵਾਟਰ ਵਰਕਸ ਸਣੇ ਕੈਪੀਟਲ ਕੰਪਲੈਕਸ ਦਾ ਦੌਰਾ ਕੀਤਾ
ਚੰਡੀਗੜ੍ਹ ਸਮਾਰਟ ਸਿਟੀ ਦੇ ਸੀਈਓ ਅਤੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਸ੍ਰੀ ਕੁਮਾਰ ਨੂੰ ਸ਼ਹਿਰ ਵਿੱਚ ਜਾਰੀ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਕੁਨਾਲ ਕੁਮਾਰ ਨੇ ਸੈਕਟਰ-39 ਦੇ ਵਾਟਰ ਵਰਕਸ ਦਾ ਦੌਰਾ ਕੀਤਾ ਅਤੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਨੂੰ ਲੈ ਕੇ ਜਾਰੀ ਪ੍ਰਾਜੈਕਟਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਵਾਟਰ ਵਰਕਸ ਵਿਚ ਲਗਾਏ ਜਾ ਰਹੇ 2000 ਕਿਲੋਵਾਟ ਦੇ ਸੌਰ ਊਰਜਾ ਪ੍ਰਾਜੈਕਟ ਦੇ ਕਾਰਜਾਂ ਦਾ ਵੀ ਉਨ੍ਹਾਂ ਨੇ ਮੁਆਇਨਾ ਕੀਤਾ। ਉਨ੍ਹਾਂ ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ਵਿਚ ਕੂੜੇ ਦੇ ਨਿਪਟਾਰੇ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਤੋਂ ਬਾਅਦ ਉਹ ਇਥੇ ਸੈਕਟਰ-1 ਸਥਿਤ ਕੈਪੀਟਲ ਕੰਪਲੈਕਸ ਵਿੱਚ ਗਏ ਅਤੇ ਸਕੱਤਰੇਤ ਸਮੇਤ ਹਾਈ ਕੋਰਟ ਤੇ ਓਪਨ ਹੈਂਡ ਮਾਨੂਮੈਂਟ ਸਣੇ ਹੋਰ ਵਿਰਾਸਤੀ ਇਮਾਰਤਾਂ ਦਾ ਮੁਆਇਨਾ ਕੀਤਾ। ਅਧਿਕਾਰੀਆਂ ਨੇ ਕੈਪੀਟਲ ਕੰਪਲੈਕਸ ਦੇ ਦੌਰੇ ਮੌਕੇ ਸਾਈਕਲਾਂ ’ਤੇ ਸਫਰ ਕੀਤਾ।