ਮਿਹਰ ਸਿੰਘ
ਕੁਰਾਲੀ, 21 ਅਕਤੂਬਰ
ਲੋਕ ਹਿੱਤ ਮਿਸ਼ਨ ਬਲਾਕ ਮਾਜਰੀ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਬੜੌਦੀ ਵਿਖੇ ਟੋਲ ਪਲਾਜ਼ਾ ’ਤੇ ਲਗਾਇਆ ਧਰਨਾ ਜ਼ੋਰ ਫੜਦਾ ਜਾ ਰਿਹਾ ਹੈ। ਇਸ ਰੋਸ ਧਰਨੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਹਲਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਚੇਚੇ ਤੌਰ ’ਤੇ ਪੁੱਜੇ। ਊਨ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਸੰਘਰਸ਼ ਜਾਰੀ ਰੱਖਣ ਅਤੇ ਕੇਂਦਰ ਸਰਕਾਰ ਦੇ ਸਬੰਧਤ ਅਦਾਰਿਆਂ ਦੇ ਦਫ਼ਤਰਾਂ ਨੂੰ ਤਾਲੇ ਜੜ੍ਹਨ ਦੀ ਅਪੀਲ ਕੀਤੀ। ਊਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਕੇਂਦਰ ਦੇ ਖੇਤੀ ਬਿੱਲਾਂ ਖ਼ਿਲਾਫ਼ ਮਤਾ ਪਾਸ ਕਰ ਦਿੱਤਾ ਹੈ ਪਰ ਇਸ ਨਾਲ ਅਜੇ ਕਿਸਾਨਾਂ ਦੇ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਪਾਸੇ ਕੀਤੇ ਮਤੇ ਨੂੰ ਲੈ ਕੇ ਭਰਮ ਵਿੱਚ ਨਾ ਆਉਣ ਸਗੋਂ ਜਿੱਤ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਅੰਨਦਾਤੇ ਨਾਲ ਭਾਜਪਾ ਨੇ ਧੋਖਾ ਕੀਤਾ ਹੈ ਪਰ ਅਕਾਲੀ ਦਲ ਅਤੇ ਕਾਂਗਰਸ ਕਿਸਾਨਾਂ ਦੇ ਇਸ ਮਸਲੇ ’ਤੇ ਆਪਣੀ ਸਿਆਸਤ ਜਮਾਉਦਿਆਂ ਸੰਘਰਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਸੱਤਾ ਹੰਢਾਉਣ ਵਾਲੀਆਂ ਰਵਾਇਤੀ ਪਾਰਟੀਆਂ ਦੇ ਕਿਸਾਨ ਵਿਰੋਧੀ ਰਵੱਈਏ ਕਾਰਨ ਹੀ ਪੰਜਾਬ ਦੀ ਕਿਸਾਨੀ ਦੀ ਦੁਰਦਸ਼ਾ ਹੋਈ ਹੈ।
ਸ੍ਰੀ ਬੈਂਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਟੌਲ ਪਲਾਜ਼ਿਆਂ ਅਤੇ ਪਟਰੌਲ ਪੰਪਾਂ ਦੀ ਤਰ੍ਹਾਂ ਪੰਜਾਬ ’ਚ ਸਥਾਪਿਤ ਕੇਂਦਰ ਸਰਕਾਰ ਨਾਲ ਸਬੰਧਤ ਅਦਾਰਿਆਂ ਦੇ ਦਫ਼ਤਰਾਂ ਨੂੰ ਵੀ ਤਾਲੇ ਲਗਾ ਦਿੱਤੇ ਜਾਣ।
ਇਸ ਮੌਕੇ ਹਰਜੀਤ ਸਿੰਘ ਹਰਮਨ, ਗੁਰਮੀਤ ਸਿੰਘ ਸਾਂਟੂ, ਦਲਵਿੰਦਰ ਸਿੰਘ ਬੈਨੀਪਾਲ, ਰਵਿੰਦਰ ਸਿੰਘ ਵਜੀਦਪੁਰ, ਮਨਦੀਪ ਸਿੰਘ ਖਿਜ਼ਰਾਬਾਦ, ਜੱਗੀ ਕਾਦੀਮਾਜਰਾ, ਸਰਪੰਚ ਹਰਜੀਤ ਸਿੰਘ ਢਕੋਰਾਂ, ਹਰਨੇਕ ਸਿੰਘ ਬੜੌਦੀ, ਨਵਜੋਤ ਸਿੰਘ ਸਿੱਧੂ, ਪਰਮਿੰਦਰ ਸਿੰਘ ਗੋਲਡੀ ਤੇ ਗੁਰਮੀਤ ਸਿੰਘ ਮੀਆਂਪੁਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਨੱਕੀਆਂ ਟੌਲ ਪਲਾਜ਼ਾ ਧਰਨੇ ’ਚ ਵੀ ਸ਼ਾਮਲ ਹੋਏ ਬੈਂਸ
ਸ੍ਰੀ ਆਨੰਦਪੁਰ ਸਾਹਿਬ/ਕੀਰਤਪੁਰ ਸਾਹਿਬ (ਬੀਐੱਸ ਚਾਨਾ): ਵਿਧਾਇਕ ਸਿਮਰਜੀਤ ਸਿੰਘ ਬੈਂਸ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਨੱਕੀਆਂ ਟੌਲ ਪਲਾਜ਼ਾ ਪਹੁੰਚੇ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਪੰਜਾਬ ਦੀਆਂ ਰਾਜਸੀ ਧਿਰਾਂ ਕੇਂਦਰੀ ਬਿੱਲਾਂ ਦੇ ਵਿਰੋਧ ’ਚ ਸਾਹਮਣੇ ਆਈਆਂ ਹਨ, ਉਸ ਤੋਂ ਸਪਸ਼ਟ ਹੈ ਕਿ ਮੋਦੀ ਸਰਕਾਰ ਨੂੰ ਜ਼ਰੂਰ ਝੁਕਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਸੰਘਰਸ਼ ਦੇ ਰਾਹ ’ਤੇ ਹਨ ਤੇ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ। ਸ੍ਰੀ ਬੈਂਸ ਨੇ 2022 ਵਿੱਚ ਕਿਸੇ ਪਾਰਟੀ ਦੇ ਨਾਲ ਇਕੱਠੇ ਹੋ ਕੇ ਪੰਜਾਬ ਵਿੱਚ ਚੋਣਾਂ ਲੜਨ ਬਾਰੇ ਪੁੱਛਣ ’ਤੇ ਕਿਹਾ ਕਿ ਜਨਤਾ ਚਾਹੁੰਦੀ ਹੈ ਕਿ ਪੰਜਾਬ ਵਿੱਚ ਰਾਜਨੀਤਕ ਬਦਲ ਮਿਲੇ ਪਰ ਇਸ ਸਬੰਧੀ ਅਜੇ ਤੱਕ ਉਨ੍ਹਾਂ ਦੀ ਕਿਸੇ ਲੀਡਰ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ।