ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 2 ਅਕਤੂਬਰ
ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਅੱਜ ਪਾਰਟੀ ਦੇ ਮੁੱਖ ਦਫਤਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸ਼ਤਰੀ ਅਤੇ ਮਹਾਤਮਾ ਗਾਂਧੀ ਦੇ ਜਨਮ ਦਿਨ ਸਮਾਗਮ ਮੌਕੇ ਵੱਡੀ ਗਿਣਤੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੇ ਸ਼ਿਰਕਤ ਕੀਤੀ। ਪਾਰਟੀ ਵੱਲੋਂ ਲੱਡੂ ਵੰਡੇ ਗਏ। ਪਾਰਟੀ ਦੇ ਆਗੂ ਕੁਲਜੀਤ ਸਿੰਘ ਰੰਧਾਵਾ ਨੇ ਵਰਕਰਾਂ ਨੂੰ ਮਹਾਤਮਕ ਗਾਂਧੀ ਦੇ ਸਿਧਾਂਤਾ ਤੇ ਚੱਲਦਿਆਂ ਆਪਸੀ ਭਾਈਚਾਰਾ ਵਧਾਉਣ ਤੇ ਲਾਲ ਬਹਾਦਰ ਸ਼ਾਸਤਰੀ ਦੇ ਸੰਘਰਸ਼ ਭਰੇ ਜੀਵਨ ਤੋਂ ਸਿੱਖਿਆ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦੋਵਾਂ ਸ਼ਖਸੀਅਤਾਂ ਦਾ ਜੀਵਨ ਲੋਕਾਂ ਨੂੰ ਦੇਸ਼ ਲਈ ਹਰੇਕ ਕੁਰਬਾਨੀ ਦੇਣ ਦੀ ਪ੍ਰੇਰਨਾ ਦਿੰਦਾ ਹੈ।
ਖਰੜ (ਪੱਤਰ ਪ੍ਰੇਰਕ): ਅੱਜ ਸਿਟੀ ਕਾਂਗਰਸ ਕਮੇਟੀ ਖਰੜ ਵੱਲੋਂ ਯਸ਼ਪਾਲ ਬਾਂਸਲ ਸਿਟੀ ਪ੍ਰਧਾਨ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਦਾ ਜਨਮ ਦਿਨ ਹਰਬੰਸ ਟੈਂਟ ਹਾਊਸ ’ਤੇ ਮਨਾਇਆ ਗਿਆ। ਜਨਰਲ ਸਕੱਤਰ ਬਾਬੂ ਸਿੰਘ ਪਮੌਰ ਨੇ ਉਨ੍ਹਾਂ ਦੇ ਜੀਵਨ ਤੇ ਕਾਂਗਰਸ ਪਾਰਟੀ ਪ੍ਰਤੀ ਦੇਣ ਸਬੰਧੀ ਚਾਨਣਾ ਪਾਇਆ।
ਚੰਡੀਗੜ੍ਹ (ਟਨਸ): ਗਾਂਧੀ ਸਮਾਰਕ ਫੰਡ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੱਲੋਂ ਇੱਥੇ ਸੈਕਟਰ-16 ਦੇ ਗਾਂਧੀ ਸਮਾਰਕ ਭਵਨ ’ਚ ਸਮਾਗਮ ਮੌਕੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸ਼ਤਰੀ ਅਤੇ ਮਹਾਤਮਾ ਗਾਂਧੀ ਨੂੰ ਯਾਦ ਕੀਤਾ ਗਿਆ। ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਦੋਵਾਂ ਸ਼ਖਸੀਅਤਾਂ ਨੂੰ ਸ਼ਰਧਾਜਲੀ ਭੇਟ ਕੀਤੀ। ਵਿਸ਼ੇਸ਼ ਮਹਿਮਾਨ ਵਧੀਕ ਸੌਲੀਸਿਟਰ ਜਨਰਲ ਸਤਪਾਲ ਜੈਨ ਨੇ ਕਿ ਸ਼ਾਂਤੀਪੂਰਨ ਅੰਦੋਲਨ ਚਲਾਉਣੇ ਗਾਂਧੀ ਹੁਰਾਂ ਦੀ ਖਾਸੀਅਤ ਸੀ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਸ਼ਹਿਰ ਅਤੇ ਛਾਉਣੀ ਵਿਚ ਵੱਖ-ਵੱਖ ਸੰਸਥਾਵਾਂ/ਸੰਗਠਨਾਂ ਵੱਲੋਂ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਨ ਮਨਾਇਆ ਗਿਆ। ਅੰਬਾਲਾ ਸ਼ਹਿਰ ਵਿਚ ਕਾਂਗਰਸੀਆਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਹਾਰ ਪਹਿਨਾਏ ਅਤੇ ਸ਼ਰਧਾਂਜਲੀ ਦਿੱਤੀ। ਪ੍ਰਦੇਸ਼ ਕਾਂਗਰਸ ਦੇ ਖ਼ਜ਼ਾਨਚੀ ਐਡਵੋਕੇਟ ਰੋਹਿਤ ਜੈਨ ਨੇ ਆਜ਼ਾਦੀ ਦੇ ਅੰਦੋਲਨ ਦੌਰਾਨ ਮਹਾਤਮਾ ਗਾਂਧੀ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਸੀਨੀਅਰ ਕਾਂਗਰਸੀ ਆਗੂਆਂ ਦੀ ਅਗਵਾਈ ਵਿਚ ਸੈਂਕੜੇ ਲੋਕਾਂ ਨੇ ਪੁਰਾਣੇ ਸਿਵਲ ਹਸਪਤਾਲ ਤੋਂ ਪੁਰਾਣੀ ਸਬਜ਼ੀ ਮੰਡੀ ਤੱਕ ਮਾਰਚ ਵੀ ਕੀਤਾ।