ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਮਾਰਚ
ਇੱਥੇ ਸੈਕਟਰ-38 ਵੈਸਟ ਵਿਚ ਸਥਿਤ ਡੱਡੂ ਮਾਜਰਾ ਕਲੋਨੀ ਵਿਚ ਸਮਾਜ ਸੇਵੀ ਸੰਸਥਾ ‘ਮੇਰੀ ਉਡਾਣ ਵੈੱਲਫੇਅਰ ਫਾਊਂਡੇਸ਼ਨ’ ਵੱਲੋਂ ਹੋਲੀ ਮਿਲਣ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਨੂੰ ਸੱਦਿਆ ਗਿਆ। ਇਸ ਦੌਰਾਨ ਸੰਸਥਾ ਵੱਲੋਂ ਸਫ਼ਾਈ ਕਰਮਚਾਰੀਆਂ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ। ਸੰਸਥਾ ਦੀ ਪ੍ਰਧਾਨ ਮੋਨਾ ਘਾਰੂ ਨੇ ਕਿਹਾ, ‘‘ਸਾਡੇ ਆਲੇ-ਦੁਆਲੇ ਨੂੰ ਸਫਾਈ ਕਰਮਚਾਰੀ ਹੀ ਸਾਫ-ਸੁਥਰਾ ਰੱਖਦੇ ਹਨ। ਇਨ੍ਹਾਂ ਸਫ਼ਾਈ ਕਾਮਿਆਂ ਦੀ ਸਮਾਜ ਨੂੰ ਵੱਡੀ ਦੇਣ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ।
ਇੱਥੋਂ ਦੇ ਸੈਕਟਰ-26 ਵਿੱਚ ਸਥਿਤ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਅੰਕਿਤ ਦੂਬੇ, ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਨੇ ਇਕ-ਦੂਜੇ ਨੂੰ ਤਿਲਕ ਲਗਾ ਕੇ ਹੋਲੀ ਦੀ ਵਧਾਈ ਦਿੱਤੀ। ਪ੍ਰਿੰਸੀਪਲ ਅੰਕਿਤ ਦੂਬੇ ਨੇ ਸਾਰੇ ਵਿਦਿਆਰਥੀਆਂ ਨੂੰ ਪਾਣੀ ਦੀ ਘੱਟ ਵਰਤੋਂ ਕਰਨ ਦੀ ਅਪੀਲ ਕੀਤੀ।
ਯੂਨੀਵਰਸਿਟੀ ਵਿੱਚ ਸਮਾਗਮ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਅੱਜ ਹੋਲੀ ਦੇ ਤਿਉਹਾਰ ਸਬੰਧੀ ਪ੍ਰੋਗਰਾਮ ਤਹਿਤ ਖੇਡਾਂ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਵਿਭਾਗ ਦੀ ਚੇਅਰਪਰਸਨ ਪ੍ਰੋਫੈਸਰ ਨੀਲਮ ਪਾਲ ਨੇ ਕਿਹਾ ਕਿ ਸਮਾਗਮ ਵਿੱਚ ਵਿਦਿਆਰਥੀਆਂ, ਸਟਾਫ਼ ਅਤੇ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਵਿਸ਼ੇਸ਼ ਵਰਗ ਦੇ ਵਿਦਿਆਰਥੀਆਂ ਨੇ ਹੋਲੀ ਮਨਾਈ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇਥੋਂ ਦੇ ਸਰਕਾਰੀ ਮਾਡਲ ਹਾਈ ਸਕੂਲ ਮੌਲੀ ਕਲੋਨੀ ਵਿੱਚ ਵਿਸ਼ੇਸ਼ ਵਰਗ ਦੇ ਵਿਦਿਆਰਥੀਆਂ ਨੇ ਹੋਲੀ ਮਨਾਈ। ਇਸ ਮੌਕੇ ਬੱਚਿਆਂ ਨੇ ਆਪਣੇ ਅਧਿਆਪਕਾਂ ਦੇ ਰੰਗ ਲਾਏ। ਇਸ ਮੌਕੇ ਗੀਤਾਂ ਦੀ ਬੀਟ ’ਤੇ ਵਿਦਿਆਰਥੀਆਂ ਨੇ ਡਾਂਸ ਕੀਤਾ। ਅਧਿਆਪਕਾਂ ਨੇ ਬੱਚਿਆਂ ਨੂੰ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।