ਪੱਤਰ ਪ੍ਰੇਰਕ
ਬਨੂੜ, 30 ਜੂਨ
ਬਨੂੜ ਸ਼ਹਿਰ ਦੀ ਜਲਦੀ ਹੀ ਤੀਜੀ ਅੱਖ ਨਾਲ ਪਹਿਰੇਦਾਰੀ ਹੋਵੇਗੀ ਕਿਉਂਕਿ ਸਥਾਨਕ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਾਉਣ ਸਬੰਧੀ ਤਜਵੀਜ਼ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚੋਂ ਲੰਘਦੇ ਕੌਮੀ ਮਾਰਗਾਂ ਅਤੇ ਜਨਤਕ ਥਾਵਾਂ ਉੱਤੇ 16 ਪੁਆਇੰਟਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਇਹ ਸੀਸੀਟੀਵੀ ਕੈਮਰੇ ਲਗਾਏ ਜਾਣ ਦੀ ਯੋਜਨਾ ਉਲੀਕੀ ਗਈ ਹੈ।
ਸ਼ਹਿਰ ਵਿੱਚ ਚੋਰੀ ਦੀਆਂ ਵਧਦੀਆਂ ਘਟਨਾਵਾਂ ਅਤੇ ਹੋਰ ਅਪਰਾਧਾਂ ਨੂੰ ਰੋਕਣ ਲਈ ਸ਼ਹਿਰ ਵਾਸੀ ਲੰਬੇ ਸਮੇਂ ਤੋਂ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ ਦੀ ਮੰਗ ਕਰਦੇ ਆ ਰਹੇ ਹਨ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਕੁੱਝ ਸਮਾਂ ਪਹਿਲਾਂ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਾਉਣ ਸਬੰਧੀ ਤਜਵੀਜ਼ ਮੰਗੀ ਗਈ ਸੀ। ਉਨ੍ਹਾਂ ਦੱਸਿਆ ਕਿ ਸਮੁੱਚੀਆਂ ਨਗਰ ਕੌਂਸਲਾਂ ਕੋਲੋਂ ਹੀ ਅਜਿਹੀਆਂ ਤਜਵੀਜ਼ਾਂ ਮੰਗੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਬਨੂੜ ਬੈਰੀਅਰ ਉੱਤੇ ਤੇਪਲਾ ਅਤੇ ਜ਼ੀਰਕਪੁਰ ਰੋਡ ਉੱਤੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ, ਥਾਣੇ ਤੇ ਕੌਂਸਲ ਰੋਡ ਉੱਤੇ ਅਤੇ ਸ਼ਹਿਰ ਦੇ ਬਾਜ਼ਾਰਾਂ, ਐਂਟਰੀ ਪੁਆਇੰਟਾਂ ਅਤੇ ਜਨਤਕ ਥਾਂਵਾਂ ਉੱਤੇ ਕੈਮਰੇ ਲਾਉਣ ਲਈ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਅੱਧੇ ਕੈਮਰੇ ਘੁੰਮਣ ਵਾਲੇ ਹੋਣਗੇ, ਜਿਹੜੇ ਸਾਰੇ ਪਾਸਿਓਂ ਨਿਗਰਾਨੀ ਰੱਖਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਮਨਜ਼ੂਰੀ ਮਿਲਣ ਉਪਰੰਤ ਇਹ ਕੈਮਰੇ ਲਗਾਏ ਜਾਣਗੇ।