ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਮਾਰਚ
ਸੀਬੀਐੱਸਈ ਨੇ ਅੱਜ ਸ਼ਾਮ ਬਾਰ੍ਹਵੀਂ ਜਮਾਤ ਟਰਮ-1 ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਵੱਲੋਂ ਇਹ ਨਤੀਜਾ ਵੈੱਬਸਾਈਟ ’ਤੇ ਨਸ਼ਰ ਨਾ ਕਰਕੇ ਸਗੋਂ ਸਕੂਲਾਂ ਨੂੰ ਭੇਜਿਆ ਗਿਆ ਹੈ। ਸਕੂਲ ਮੁਖੀ ਤੇ ਅਧਿਆਪਕ ਇਹ ਨਤੀਜਾ ਸਿਕਸ਼ਾ ਲੌਗਇਨ ਆਈਡੀ ਤੋਂ ਡਾਊਨਲੋਡ ਕਰ ਸਕਦੇ ਹਨ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਹਾਲੇ ਸਿਰਫ ਵਿਦਿਆਰਥੀਆਂ ਦੀ ਪਰਫਾਰਮੈਂਸ ਹੀ ਦੱਸੀ ਹੈ ਤੇ ਕਿਸੇ ਵੀ ਵਿਦਿਆਰਥੀ ਨੂੰ ਫੇਲ੍ਹ ਜਾਂ ਪਾਸ ਨਹੀਂ ਕੀਤਾ ਗਿਆ। ਅੰਤਿਮ ਨਤੀਜਾ ਟਰਮ-1 ਤੇ ਟਰਮ-2 ਦੇ ਜੋੜ ਤੋਂ ਬਾਅਦ ਜਾਰੀ ਕੀਤਾ ਜਾਵੇਗਾ। ਬੋੋਰਡ ਨੇ ਥਿਊਰੀ ਅੰਕ ਭੇਜੇ ਹਨ ਤੇ ਸਕੂਲਾਂ ਕੋਲ ਅੰਦਰੂਨੀ ਮੁਲਾਂਕਣ ਤੇ ਪ੍ਰੈਕਟੀਕਲ ਦੇ ਅੰਕ ਪਹਿਲਾਂ ਹੀ ਹਨ।
ਸੀਬੀਐੱਸਈ ਮੁਹਾਲੀ ਦੇ ਖੇਤਰੀ ਅਧਿਕਾਰੀ ਨੇ ਕਿਹਾ ਕਿ ਜੇ ਕਿਸੇ ਵਿਦਿਆਰਥੀ ਨੂੰ ਨਤੀਜੇ ਵਿੱਚ ਕੋਈ ਗਲਤੀ ਲਗਦੀ ਹੈ ਤਾਂ ਉਹ ਰਿਡਰੈਸਲ ਬਰਾਂਚ ਨਾਲ ਸੰਪਰਕ ਕਰ ਸਕਦਾ ਹੈ। ਕਈ ਸਕੂਲਾਂ ਵਿੱਚ ਸ਼ਨਿਚਰਵਾਰ ਦੀ ਛੁੱਟੀ ਸੀ, ਜਿਸ ਕਰ ਕੇ ਇਹ ਨਤੀਜਾ ਵਿਦਿਆਰਥੀਆਂ ਨੂੰ ਹੁਣ ਸੋਮਵਾਰ ਹੀ ਮਿਲ ਸਕੇਗਾ।
ਘੱਟ ਅੰਕਾਂ ਵਾਲੇ ਵਿਦਿਆਰਥੀਆਂ ਦੀ ਹੋਵੇਗੀ ਕਾਊਂਸਲਿੰਗ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਧਨਾਸ ਦੀ ਪ੍ਰਿੰਸੀਪਲ ਸੀਮਾ ਗਿਰਧਰ ਨੇ ਦੱਸਿਆ ਕਿ ਉਹ ਨਤੀਜਾ ਮਾਪਿਆਂ ਨੂੰ ਸੋਮਵਾਰ ਸਕੂਲ ਸੱਦ ਕੇ ਦੇਣਗੇ। ਕਈ ਵਿਦਿਆਰਥੀ ਘੱਟ ਅੰਕ ਆਉਣ ਕਾਰਨ ਤਣਾਅ ਵਿੱਚ ਆ ਜਾਂਦੇ ਹਨ, ਇਸ ਕਰਕੇ ਉਨ੍ਹਾਂ ਦੀ ਕਾਊਂਸਲਿੰਗ ਕੀਤੀ ਜਾਵੇਗੀ। ਸਰਕਾਰੀ ਸਕੂਲ ਸੈਕਟਰ-46 ਦੇ ਪ੍ਰਿੰਸੀਪਲ ਸੰਜੀਵ ਸਿੰਗਲਾ ਨੇ ਕਿਹਾ ਕਿ ਸੋਮਵਾਰ ਨੂੰ ਨਤੀਜੇ ਵਿਦਿਆਰਥੀਆਂ ਨੂੰ ਜਾਰੀ ਕਰ ਦਿੱਤੇ ਜਾਣਗੇ।