ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਦਸੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕਸ਼ਨ (ਸੀਬੀਐਸਈ) ਦੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ ਪਰ ਬੋਰਡ ਨੇ ਇਨ੍ਹਾਂ ਪ੍ਰੀਖਿਆਵਾਂ ਲਈ ਹਾਲੇ ਫੰਡ ਨਹੀਂ ਭੇਜਿਆ। ਇਸ ਕਾਰਨ ਚੰਡੀਗੜ੍ਹ ਦੇ ਸਕੂਲਾਂ ਦੇ ਅਧਿਆਪਕਾਂ ਨੂੰ ਆਪਣੇ ਪੱਲਿਉਂ ਰਾਸ਼ੀ ਖਰਚਣੀ ਪੈ ਰਹੀ ਹੈ। ਇਸ ਤੋਂ ਇਲਾਵਾ ਬੋਰਡ ਨੇ ਇਨ੍ਹਾਂ ਪ੍ਰੀਖਿਆਵਾਂ ਦਾ ਸਾਰਾ ਜ਼ਿੰਮਾ ਸਕੂਲਾਂ ’ਤੇ ਹੀ ਸੁੱਟ ਦਿੱਤਾ ਹੈ ਜਿਸ ਕਾਰਨ ਅਧਿਆਪਕ ਪ੍ਰੇਸ਼ਾਨ ਹਨ। ਦੂਜੇ ਪਾਸੇ ਯੂਟੀ ਦੇ ਸਿੱਖਿਆ ਵਿਭਾਗ ਨੇ ਵੀ ਇਨ੍ਹਾਂ ਪ੍ਰੀਖਿਆਵਾਂ ਨੂੰ ਕਰਵਾਉਣ ਲਈ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ।
ਜਾਣਕਾਰੀ ਅਨੁਸਾਰ ਹਰ ਸਾਲ ਸੀਬੀਐੱਸਈ ਵੱਲੋਂ ਬੋਰਡ ਪ੍ਰੀਖਿਆਵਾਂ ਤੋਂ ਮਹੀਨਾ ਪਹਿਲਾਂ ਸਕੂਲਾਂ ਨੂੰ ਸਟੇਸ਼ਨਰੀ ਤੇ ਫੰਡ ਭੇਜੇ ਜਾਂਦੇ ਸਨ। ਇਹ ਫੰਡ ਹਰ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ 15 ਤੋਂ 35 ਹਜ਼ਾਰ ਰੁਪਏ ਦੇ ਕਰੀਬ ਭੇਜੇ ਜਾਂਦੇ ਸਨ ਪਰ ਚੰਡੀਗੜ੍ਹ ਦੇ ਜ਼ਿਆਦਾਤਰ ਸਕੂਲਾਂ ਨੂੰ ਇਹ ਫੰਡ ਹਾਲੇ ਤੱਕ ਨਹੀਂ ਮਿਲੇ ਜਿਸ ਕਾਰਨ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਆਪਣੇ ਪੱਲਿਉਂ ਫੋਟੋਸਟੇਟ ਮਸ਼ੀਨਾਂ, ਜੈਨਰੇਟਰ ਤੇ ਹੋਰ ਕੰਮਾਂ ਦੇ ਖਰਚੇ ਕਰਨੇ ਪੈ ਰਹੇ ਹਨ।
ਇੱਥੋਂ ਦੇ ਇਕ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਵਾਰ ਬੋਰਡ ਨੇ ਸਾਰਾ ਕੰਮ ਹੀ ਸਕੂਲਾਂ ’ਤੇ ਛੱਡ ਦਿੱਤਾ ਹੈ ਜਿਸ ਕਾਰਨ ਅਧਿਆਪਕ ਤੇ ਸਕੂਲ ਮੁਖੀ ਰੋਜ਼ਾਨਾ ਸਵੇਰ ਦੇ ਅੱਠ ਵਜੋਂ ਤੋਂ ਸ਼ਾਮ ਦੇ ਅੱਠ ਵਜੇ ਤੱਕ ਪ੍ਰੀਖਿਆਵਾਂ ਦਾ ਕੰਮ ਕਰ ਰਹੇ ਹਨ। ਸਕੂਲ ਮੁਖੀਆਂ ਨੇ ਕਿਹਾ ਕਿ ਪ੍ਰੀਖਿਆਵਾਂ ਬਾਰੇ ਸਕੱਤਰੇਤ ਵੱਲੋਂਂ ਕੋਈ ਨਿਰਦੇਸ਼ ਨਹੀਂ ਆਏ ਕਿ ਸੁਪਰੀਮ ਕੋਰਟ ਦੀਆਂ 12 ਬੱਚੇ ਬਿਠਾਉਣ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀ ਵੱਧ ਹੋਣ ’ਤੇ ਕਮਰਿਆਂ ਦਾ ਇੰਤਜ਼ਾਮ ਕਿਵੇਂ ਕੀਤਾ ਜਾਵੇ ਤੇ ਇਹ ਵੀ ਨਹੀਂ ਦੱਸਿਆ ਜਾਂਦਾ ਕਿ ਕਿਸ ਜਮਾਤ ਦੀ ਛੁੱਟੀ ਕਰਨੀ ਹੈ ਤੇ ਕਿਸ ਨੂੰ ਸਕੂਲ ਸੱਦਣਾ ਹੈ।
ਅਪਰੇਸ਼ਨਲ ਕੋਡ ਤੇ ਪਾਸਵਰਡ ਲੇਟ ਮਿਲਣ ਕਾਰਨ ਸਮੱਸਿਆ
ਇਸ ਵਾਰ ਕਰੋਨਾ ਕਾਰਨ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰਾਂ ਦੇ ਬੰਡਲ ਨਹੀਂ ਭੇਜੇ ਜਾ ਰਹੇ ਤੇ ਇਸ ਸਬੰਧੀ ਸਕੂਲਾਂ ਨੂੰ ਸਵੇਰੇ 9.45 ਵਜੇ ਅਪਰੇਸ਼ਨਲ ਕੋਡ ਭੇਜਿਆ ਜਾਂਦਾ ਹੈ ਤੇ 10 ਵਜੇ ਪਾਸਵਰਡ ਭੇਜੇ ਜਾਂਦੇ ਹਨ ਜਿਸ ਕਾਰਨ ਸਕੂਲਾਂ ਨੂੰ ਪ੍ਰਸ਼ਨ ਪੱਤਰ ਡਾਊਨਲੋਡ ਕਰਨ ਤੇ ਉਨ੍ਹਾਂ ਦੇ ਪ੍ਰਿੰਟ ਲੈਣ ਲਈ ਸਿਰਫ ਇਕ ਘੰਟਾ ਮਿਲਦਾ ਹੈ। ਸਕੂਲ ਮੁਖੀਆਂ ਨੇ ਦੱਸਿਆ ਕਿ ਅੱਜ 10ਵੀਂ ਜਮਾਤ ਦਾ ਗਣਿਤ ਦਾ ਪੇਪਰ ਸੀ ਤੇ ਬੀਤੇ ਕੱਲ੍ਹ ਅੰਗਰੇਜ਼ੀ ਦਾ ਪੇਪਰ ਲਗਪਗ ਸਾਰੀਆਂ ਥਾਵਾਂ ’ਤੇ ਲੇਟ ਸ਼ੁਰੂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਅਪਰੇਸ਼ਨਲ ਕੋਡ ਤੇ ਪਾਸਵਰਡ ਸਮੇਂ ਸਿਰ ਭੇਜੇ ਜਾਣ।
ਸਕੂਲਾਂ ਨੂੰ ਫੰਡ ਭੇਜ ਦਿੱਤੇ ਹਨ: ਸੀਬੀਐੱਸਈ
ਸੀਬੀਐੱਸਈ ਦੇ ਮੁਹਾਲੀ ਦੇ ਖੇਤਰੀ ਅਧਿਕਾਰੀ ਸ਼ਿਆਮ ਕਪੂਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਕੂਲਾਂ ਨੂੰ ਪ੍ਰੀਖਿਆਵਾਂ ਦੇ ਫੰਡ ਭੇਜ ਦਿੱਤੇ ਗਏ ਹਨ ਤੇ ਜੇ ਕਿਸੇ ਸਕੂਲ ਨੇ ਆਪਣਾ ਅਕਾਊਂਟ ਨੰਬਰ ਗਲਤ ਭੇਜਿਆ ਹੋਵੇਗਾ ਉਸ ਸਕੂਲ ਨੂੰ ਫੰਡ ਮਿਲਣ ਵਿੱਚ ਸਮੱਸਿਆ ਆਵੇਗੀ। ਇਸ ਤੋਂ ਬਾਅਦ ਯੂਟੀ ਦੇ ਕਈ ਸਕੂਲ ਮੁਖੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਪੰਜ ਸਕੂਲਾਂ ਦੇ ਮੁਖੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਸੀਬੀਐੱਸਈ ਵੱਲੋਂ ਕੋਈ ਫੰਡ ਨਹੀਂ ਮਿਲੇ। ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਸਕੂਲਾਂ ਨੂੰ ਪ੍ਰੀਖਿਆਵਾਂ ਲਈ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ, ਜੇ ਕਿਸੇ ਸਕੂਲ ਨੂੰ ਇਸ ਬਾਰੇ ਸਮੱਸਿਆ ਆਉਂਦੀ ਹੈ ਤਾਂ ਉਹ ਸਕੱਤਰੇਤ ਸੰਪਰਕ ਕਰ ਸਕਦਾ ਹੈ।