ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 26 ਅਪਰੈਲ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਅੱਜ ਸ਼ੁਰੂ ਹੋ ਗਈਆਂ ਹਨ। ਵਿਦਿਆਰਥੀਆਂ ਨੇ ਅੱਜ ਦੋ ਸਾਲਾਂ ਬਾਅਦ ਸਕੂਲਾਂ ਵਿਚ ਆ ਕੇ ਪ੍ਰੀਖਿਆ ਦਿੱਤੀ। ਇਸ ਬੋਰਡ ਦੀ ਪ੍ਰੀਖਿਆ ਵਿਚ ਅੱਜ ਚੰਡੀਗੜ੍ਹ ਦੇ ਘੱਟ ਗਿਣਤੀ ਵਿਦਿਆਰਥੀ ਆਏ ਕਿਉਂਕਿ ਅੱਜ ਦੀ ਪ੍ਰੀਖਿਆ ਮੁੱਖ ਵਿਸ਼ਿਆਂ ਦੀ ਨਹੀਂ ਸੀ। ਸੀਬੀਐਸਈ ਦੀ ਮੁੱਖ ਵਿਸ਼ੇ ਅੰਗਰੇਜ਼ੀ ਦੀ ਪ੍ਰੀਖਿਆ 27 ਮਾਰਚ ਨੂੰ ਹੋਵੇਗੀ। ਆਈਸੀਐੱਸਈ ਬੋਰਡ ਬਾਰ੍ਹਵੀਂ ਜਮਾਤ ਦਾ ਵੀ ਅੱਜ ਪਹਿਲਾ ਪੇਪਰ ਸੀ ਜਦਕਿ ਇਸ ਬੋਰਡ ਦੇ ਦਸਵੀਂ ਜਮਾਤ ਦੀ ਪ੍ਰੀਖਿਆ 25 ਅਪਰੈਲ ਨੂੰ ਸ਼ੁਰੂ ਹੋਈ ਸੀ। ਵਿਦਿਆਰਥੀਆਂ ਨੇ ਅੱਜ ਪ੍ਰੀਖਿਆ ਉਤਸ਼ਾਹ ਨਾਲ ਦਿੱਤੀ ਤੇ ਜ਼ਿਆਦਾਤਰ ਵਿਦਿਆਰਥੀਆਂ ਨੇ ਪ੍ਰੀਖਿਆ ਨੂੰ ਆਸਾਨ ਦੱਸਿਆ।
ਜਾਣਕਾਰੀ ਅਨੁਸਾਰ ਸਕੂਲਾਂ ਵਿਚ ਪ੍ਰੀਖਿਆਵਾਂ ਦੇ ਮੱਦੇਨਜ਼ਰ ਕਰੋਨਾ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਮਾਸਕ ਤੋਂ ਬਿਨਾਂ ਸਕੂਲ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਅੱਜ ਇਕ ਕਮਰੇ ਵਿਚ 18 ਵਿਦਿਆਰਥੀ ਹੀ ਬਿਠਾਏ ਗਏ ਜਦਕਿ ਪਹਿਲਾਂ 24 ਵਿਦਿਆਰਥੀ ਬੈਠਦੇ ਸਨ। ਸੀਬੀਐੱਸਈ ਦਾ ਅੱਜ ਦਸਵੀਂ ਜਮਾਤ ਦਾ ਪੇਂਟਿੰਗ ਤੇ ਬਾਰ੍ਹਵੀਂ ਜਮਾਤ ਦਾ ਐਂਟਰਪ੍ਰਨਿਓਰਸ਼ਿਪ ਤੇ ਬਿਊਟੀ ਐਂਡ ਵੈੱਲਨੈੱਸ ਦਾ ਪੇਪਰ ਸੀ। ਦੂਜੇ ਪਾਸੇ ਆਈਸੀਐੱਸਈ ਬੋਰਡ ਦੇ ਸੈਂਟਰ ਅੱਜ ਸਟਰਾਅਬੇਰੀ ਫੀਲਡਜ਼ ਸਕੂਲ ਸੈਕਟਰ-26 ਤੇ ਸੇਂਟ ਜ਼ੇਵੀਅਰ ਸਕੂਲ ਸੈਕਟਰ-44 ਵਿਚ ਬਣੇ। ਦੱਸਣਾ ਬਣਦਾ ਹੈ ਕਿ ਚੰਡੀਗੜ੍ਹ ਵਿਚ ਇਸ ਬੋਰਡ ਨਾਲ ਸਬੰਧਤ ਚਾਰ ਹੀ ਸਕੂਲ ਹਨ। ਉਕਤ ਦੋਵਾਂ ਸਕੂਲਾਂ ਤੋਂ ਇਲਾਵਾ ਟੈਂਡਰ ਹਾਰਟ ਸਕੂਲ ਸੈਕਟਰ-33 ਅਤੇ ਸੇਂਟ ਸਟੀਫਨ ਸਕੂਲ ਸੈਕਟਰ-45 ਵੀ ਹਨ ਪਰ ਇਨ੍ਹਾਂ ਸਕੂਲਾਂ ਵਿਚ ਇਸ ਵਾਰ ਪ੍ਰੀਖਿਆ ਕੇਂਦਰ ਨਹੀਂ ਬਣੇ। ਇਸ ਬੋਰਡ ਦੀ ਬਾਰ੍ਹਵੀਂ ਜਮਾਤ ਦਾ ਅੱਜ ਇੰਗਲਿਸ਼ ਲੈਂਗੂਏਜ ਦਾ ਪਹਿਲਾ ਪੇਪਰ ਸੀ ਜਦਕਿ ਅੰਗਰੇਜ਼ੀ ਦੇ ਲਿਟਰੇਚਰ ਪਾਰਟ -2 ਦੀ ਪ੍ਰੀਖਿਆ ਸੀ। ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਸਟਰਾਅਬੇਰੀ ਸਕੂਲ ਤੇ ਦਸਵੀਂ ਜਮਾਤ ਦੀ ਪ੍ਰੀਖਿਆ ਸੇਂਟ ਜ਼ੇਵੀਅਰ ਸਕੂਲ ਵਿਚ ਹੋਈ। ਇਹ ਪ੍ਰੀਖਿਆ ਦੁਪਹਿਰ ਦੋ ਤੋਂ ਸਾਢੇ ਤਿੰਨ ਵਜੇ ਤਕ ਲਈ ਗਈ।