ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 12 ਅਕਤੂਬਰ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਐਲਾਨ ਕੀਤਾ ਹੈ ਕਿ ਹਲਕਾ ਵਾਸੀਆਂ ਨੂੰ ਬਿਹਤਰ ਸੰਪਰਕ ਸੁਵਿਧਾ ਦੇਣ ਲਈ ਘੱਗਰ ਨਦੀ ’ਤੇ ਇਕ ਕਾਜ਼ਵੇਅ ਦੀ ਉਸਾਰੀ ਕੀਤੀ ਜਾਵੇਗੀ। ਇਹ ਕਾਜ਼ਵੇਅ ਜ਼ੀਰਕਪੁਰ ਦੇ ਪਿੰਡ ਸ਼ਤਾਬਗੜ੍ਹ ਨੂੰ ਡੇਰਾਬੱਸੀ ਦੇ ਪਿੰਡ ਈਸਾਪੁਰ ਨਾਲ ਜੋੜੇਗਾ। ਇਸ ਨਾਲ ਡੇਰਾਬੱਸੀ ਅਤੇ ਜ਼ੀਰਕਪੁਰ ਦੇ 19 ਪਿੰਡਾਂ ਦਾ ਆਪਸ ਵਿੱਚ ਸੰਪਰਕ ਕਾਇਮ ਹੋਵੇਗਾ ਜਿਨ੍ਹਾਂ ਵਿੱਚ ਹੁਣ ਤੱਕ ਘੱਗਰ ਨਦੀ ਅੜਿੱਕਾ ਬਣੀ ਹੋਈ ਹੈ।
ਇਸ ਕਾਜ਼ਵੇਅ ਦੀ ਉਸਾਰੀ ਲਈ ਵਿਧਾਇਕ ਨੇ ਅੱਜ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੌਕੇ ਦਾ ਦੌਰਾ ਕੀਤਾ। ਉਨ੍ਹਾਂ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਛੇਤੀ ਇਸ ਸਬੰਧੀ ਪੂਰੀ ਯੋਜਨਾ ਬਣਾਉਣ ਲਈ ਕਿਹਾ ਤਾਂ ਜੋ ਇਸ ਕੰਮ ਲਈ ਫੰਡਾਂ ਨੂੰ ਮਨਜ਼ੂਰੀ ਦਿਵਾਈ ਜਾ ਸਕੇ। ਸ੍ਰੀ ਰੰਧਾਵਾ ਨੇ ਦੱਸਿਆ ਕਿ ਇਸ ਕਾਜ਼ਵੇਅ ਦੀ ਉਸਾਰੀ ਨਾਲ ਪੰਜਗ੍ਰਾਮੀ ਸਣੇ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਜ਼ੀਰਕਪੁਰ ਆਉਣ ਲਈ ਚੰਡੀਗੜ੍ਹ-ਅੰਬਾਲਾ ਹਾਈਵੇਅ ਦੀ ਵਰਤੋਂ ਨਹੀਂ ਕਰਨੀ ਪਵੇਗੀ ਸਗੋਂ ਉਹ ਇਸ ਕਾਜ਼ਵੇਅ ਰਾਹੀਂ ਆਸਾਨੀ ਨਾਲ ਇੱਥੇ ਪਹੁੰਚ ਸਕਣਗੇ। ਇਹ ਕਾਜ਼ਵੇਅ ਘੱਗਰ ਨਦੀ ’ਤੇ ਉਕਤ ਪਿੰਡਾਂ ਨੂੰ ਜੋੜਨ ਵਾਲੇ ਲਾਂਘੇ ’ਤੇ ਉਸਾਰਿਆ ਜਾਏਗਾ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਲੋਕ ਇਸੇ ਲਾਂਘੇ ਦੀ ਵਰਤੋਂ ਕਰਦੇ ਸਨ। ਕਾਜ਼ਵੇਅ ਬਣਨ ਨਾਲ ਘੱਗਰ ਨਦੀ ਵਿੱਚ ਪਾਣੀ ਹੋਣ ਦੇ ਬਾਵਜੂਦ ਇੱਧਰ-ਉੱਧਰ ਜਾਇਆ ਜਾ ਸਕੇਗਾ। ਇਸ ਕਾਜ਼ਵੇਅ ਦੀ ਉਸਾਰੀ ਮਗਰੋਂ ਰਾਹਗੀਰਾਂ ਨੂੰ ਡੇਰਾਬੱਸੀ ਅਤੇ ਜ਼ੀਰਕਪੁਰ ਆਉਣ-ਜਾਣ ਲਈ ਇਕ ਹੋਰ ਨਵਾਂ ਰਾਹ ਮਿਲ ਜਾਵੇਗਾ।