ਪੱਤਰ ਪ੍ਰੇਰਕ
ਲਾਲੜੂ, 31 ਅਕਤੂਬਰ
ਤਿਉੁਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਝਰਮੜੀ ਕੋਲ ਪੁਲੀਸ ਵੱਲੋਂ ਕੀਤੀ ਚੈਕਿੰਗ ਦੌਰਾਨ ਇਕ ਗੱਡੀ ’ਚੋਂ ਸਾਢੇ ਚਾਰ ਕੁਇੰਟਲ ਪਨੀਰ ਬਰਾਮਦ ਕੀਤਾ ਹੈ, ਜਿਸ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ, ਜੋ ਸੈਂਪਲ ਲਈ ਭੇਜਿਆ ਗਿਆ ਹੈ।
ਥਾਣਾ ਮੁਖੀ ਲਾਲੜੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਪਿੰਡ ਝਰਮੜੀ ਨੇੜੇ ਨਾਕੇਬੰਦੀ ਦੌਰਾਨ ਇਕ ਕਾਲੇ ਰੰਗ ਦੀ ਸਫਾਰੀ ਗੱਡੀ ’ਚੋਂ ਸਾਢੇ ਚਾਰ ਕੁਇੰਟਲ ਪਨੀਰ ਬਰਾਮਦ ਕੀਤਾ, ਜੋ ਹਰਿਆਣਾ ਦੇ ਗੋਹਾਣਾ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਜਿਸ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਦੇ ਫੂਡ ਤੇ ਸੈਫਟੀ ਵਿੰਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਮੌਕੇ ’ਤੇ ਪੁੱਜੇ ਏ.ਐਫ.ਐਸ.ਓ. ਅਨੀਲ ਕੁਮਾਰ ਤੇ ਰਵੀਨੰਦਨ ਗੋਇਲ ਦੀ ਟੀਮ ਨੇ ਪਨੀਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਤੇ ਉਸ ਨੂੰ ਕੋਲਡ ਸਟੋਰ ’ਚ ਰਖਵਾ ਦਿੱਤਾ ਹੈ ਤੇ ਸੈਂਪਲ ਲੈ ਕੇ ਖਰੜ ਲੈਬੋਰਟਰੀ ਵਿੱਚ ਭੇਜ ਦਿੱਤੇ ਹਨ। ਇਸ ਦੀ ਰਿਪੋਰਟ ਆਉਣ ਉਪਰੰਤ ਕਾਰਵਾਈ ਕੀਤੀ ਜਾਵੇਗੀ। ਗੱਡੀ ਚਾਲਕ ਬਲਵਾਨ ਸਿੰਘ ਤੇ ਇਕ ਹੋਰ ਵਿਅਕਤੀ ਸੁਮਿਤ ਯਾਦਵ ਦੇ ਖ਼ਿਲਾਫ਼ ਸੈਂਪਲ ਦੀ ਰਿਪੋਰਟ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ।