ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 1 ਜਨਵਰੀ
ਜ਼ਿਲ੍ਹਾ ਮੁਹਾਲੀ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ‘ਮੁੱਖ ਮੰਤਰੀ ਮੋਤੀਆ ਮੁਕਤ ਮੁਹਿੰਮ’ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ। ਮੁਹਾਲੀ ਦੀ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਬੀਤੀ 26 ਨਵੰਬਰ ਤੋਂ ਸ਼ੁਰੂ ਹੋਈ ਇਸ ਮੁਹਿੰਮ ਦੌਰਾਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੋਤੀਆਬਿੰਦ ਤੋਂ ਪੀੜਤ 310 ਮਰੀਜ਼ਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਗਏ ਜਦੋਂਕਿ 8877 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿੱਚ 149 ਵਿਅਕਤੀਆਂ ਦੇ ਮੁਫ਼ਤ ਅਪਰੇਸ਼ਨ ਕੀਤੇ ਗਏ ਜਦੋਂਕਿ ਸਰਕਾਰੀ ਹਸਪਤਾਲ ਡੇਰਾਬੱਸੀ ਵਿੱਚ 52 ਅਤੇ ਸਰਕਾਰੀ ਹਸਪਤਾਲ ਖਰੜ ਵਿੱਚ 109 ਲੋਕਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਗਏ। ਅਪਰੇਸ਼ਨ ਵਾਲੇ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੀ ਦਿੱਤੀਆਂ ਗਈਆਂ।