ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਜਨਵਰੀ
ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈਆਈਐੱਮ) ਨੇ ਅੱਜ ਸਾਂਝੀ ਦਾਖਲਾ ਪ੍ਰੀਖਿਆ ਦਾ ਨਤੀਜਾ ਦੇਰ ਸ਼ਾਮ ਐਲਾਨਿਆ ਜਿਸ ਵਿਚ ਟਰਾਈਸਿਟੀ ਵਿਚੋਂ ਅਨਮੋਲ ਸਿੰਘ ਨੇ ਟੌਪ ਕੀਤਾ ਹੈ। ਉਸ ਨੇ ਪਹਿਲੀ ਵਾਰ ਦਿੱਤੀ ਪ੍ਰੀਖਿਆ ਵਿੱਚ 99.94 ਪਰਸੈਂਟਾਈਲ ਹਾਸਲ ਕੀਤੇ ਹਨ। ਇਸ ਪ੍ਰੀਖਿਆ ਵਿਚ ਦੇਸ਼ ਭਰ ਦੇ 9 ਵਿਦਿਆਰਥੀਆਂ ਦੇ 100, ਜਦਕਿ 19 ਵਿਦਿਆਰਥੀਆਂ ਨੇ 99.9 ਪਰਸੈਂਟਾਈਲ ਹਾਸਲ ਕੀਤੇ ਹਨ। ਇਹ ਪ੍ਰੀਖਿਆ 28 ਨਵੰਬਰ ਨੂੰ ਕਰਵਾਈ ਗਈ ਸੀ। ਅਨਮੋਲ ਨੇ ਬਾਰ੍ਹਵੀਂ ਜਮਾਤ ਸੇਂਟ ਐਨੀਜ਼ ਸਕੂਲ ਸੈਕਟਰ-32 ਤੋਂ ਮੁਕੰਮਲ ਕੀਤੀ ਜਿਸ ਤੋਂ ਬਾਅਦ ਉਸ ਨੇ ਬਿਟਸ ਪਿਲਾਨੀ ਰਾਜਸਥਾਨ ਤੋਂ ਬੀਟੈਕ ਲਈ ਦਾਖਲਾ ਲਿਆ। ਉਸ ਦੇ ਪਿਤਾ ਤੇ ਮਾਤਾ ਦੋਵੇਂ ਸਰਕਾਰੀ ਡਾਕਟਰ ਹਨ ਤੇ ਇਸ ਵੇਲੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-16 ਵਿਚ ਕਾਰਜਸ਼ੀਲ ਹਨ ਪਰ ਉਹ ਆਪਣੇ ਮਾਪਿਆਂ ਵਾਂਗ ਡਾਕਟਰ ਬਣਨ ਦੀ ਥਾਂ ਨਿਵੇਕਲਾ ਕੰਮ ਕਰਨ ਦਾ ਚਾਹਵਾਨ ਸੀ। ਅਨਮੋਲ ਨੇ ਦੱਸਿਆ ਕਿ ਉਹ ਆਈਆਈਐਮ ਅਹਿਮਦਾਬਾਦ ਵਿਚ ਦਾਖਲਾ ਲੈਣਾ ਚਾਹੁੰਦਾ ਹੈ।