ਬਲਵਿੰਦਰ ਰੈਤ
ਨੂਰਪੁਰ ਬੇਦੀ, 9 ਅਕਤੂਬਰ
ਜੰਗਲਾਤ ਵਿਭਾਗ ਨੇ ਪਹਾੜਾਂ ਨੂੰ ਨਾਜਾਇਜ਼ ਤੌਰ ’ਤੇ ਕੱਟ ਕੇ ਪੱਧਰਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਹੈ। ਵਣ ਰੇਂਜ ਅਫਸਰ ਨੂਰਪੁਰ ਬੇਦੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸਥਾਨਕ ਪੁਲੀਸ ਨੇ ਉਕਤ ਕੰਮ ’ਚ ਜੁਟੀਆਂ ਅੱਧਾ ਦਰਜਨ ਮਸ਼ੀਨਾਂ ’ਚੋਂ ਤਿੰਨ ਮਸ਼ੀਨਾਂ ਜ਼ਬਤ ਕਰਦਿਆਂ ਉਕਤ ਮਸ਼ੀਨਰੀ ਦੇ ਨਾਮਲੂਮ ਮਾਲਕਾਂ, ਚਾਲਕਾਂ ਤੇ ਜ਼ਮੀਨ ਦੇ ਨਾਮਲੂਮ ਮਾਲਕਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਸ਼ਿਕਾਇਤ ’ਚ ਵਣ ਰੇਂਜ ਅਫਸਰ ਨੂਰਪੁਰ ਬੇਦੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਟਵਾਹੜ ਅਤੇ ਝਾਂਡੀਆਂ ਦੇ ਜੰਗਲ ਵਿੱਚ ਜੇ.ਸੀ.ਬੀ. ਮਸ਼ੀਨਾਂ, 2 ਟਰੈਕਟਰਾਂ, ਬੋਰਿੰਗ ਮਸ਼ੀਨ/ਟਰੱਕ, ਜ਼ਮੀਨ ਪੱਧਰੀ ਕਰਨ ਵਾਲਾ ਕੈਟਲ ਪਿੱਲਰ ਅਤੇ ਜ਼ੀਰੋ ਲੈਵਲਰ ਮਸ਼ੀਨ ਨਾਲ ਰਾਤ ਸਮੇਂ ਪਹਾੜੀ ਨੂੰ ਕੱਟ ਕੇ ਪੱਧਰਾ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਪਹਾੜ ਪੱਧਰਾ ਕਰਵਾਉਣ ਵਾਲੇ ਮਾਲਕ ਦੂਸਰੇ ਰਾਜ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਦੇ ਨਾਂ ਅਤੇ ਪਤੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਦੇ ਨਾਲ ਵਿਭਾਗ ਦੇ ਤਖ਼ਤਗੜ੍ਹ ਬਲਾਕ ਦੇ ਬਲਾਕ ਅਧਿਕਾਰੀ ਮਨੀ ਲਾਲ ਵੱਲੋਂ ਤਿਆਰ ਰਿਪੋਰਟ ਵੀ ਪੁਲੀਸ ਨੂੰ ਸੌਂਪੀ ਗਈ। ਸ਼ਿਕਾਇਤ ਮਗਰੋਂ ਕਾਰਵਾਈ ਕਰਦਿਆਂ ਪੁਲੀਸ ਨੇ ਇਕ ਜੇਸੀਬੀ, ਇਕ ਟਰੈਕਟਰ ਤੇ ਇਕ ਜ਼ੀਰੋ ਲੈਵਲ ਮਸ਼ੀਨ ਕਬਜ਼ੇ ’ਚ ਲਈ ਹੈ। ਏ.ੱਸਆਈ ਰਾਜ ਕੁਮਾਰ ਨੇ ਦੱਸਿਆ ਕਿ ਨਾਮਲੂਮ ਮੁਲਜ਼ਮਾਂ ’ਚ ਸ਼ਾਮਲ ਮਸ਼ੀਨਰੀ ਦੇ ਮਾਲਕਾਂ ਤੇ ਚਾਲਕਾਂ ਤੋਂ ਇਲਾਵਾ ਜ਼ਮੀਨ ਮਾਲਕਾਂ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।