ਪੱਤਰ ਪ੍ਰੇਰਕ
ਖਰੜ, 27 ਮਾਰਚ
ਸਦਰ ਪੁਲੀਸ ਨੇ ਝੂੰਗੀਆਂ ਰੋਡ ਉੱਤੇ ਸਥਿਤ ਗਗਨਦੀਪ ਕੌਰ ਨਾਂ ਦੀ ਬਿਲਡਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਅਧੀਨ ਹਰਜਿੰਦਰ ਸਿੰਘ, ਨਰਿੰਦਰ ਸਿੰਘ ਉਰਫ ਨਿੰਦਾ, ਗੁਲਸ਼ਨ, ਰੁਸਤਮ, ਗੁਰਪ੍ਰੀਤ ਬੇਦਵਾਨ, ਰਾਜੂ, ਸ਼ੇਰ ਸਿੰਘ ਅਤੇ ਅੱਠ ਦਸ ਨਾਮਾਲੂਮ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਗਗਨਦੀਪ ਕੌਰ ਵਾਸੀ ਸੈਕਟਰ 70 ਮੁਹਾਲੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਝੁੰਗੀਆਂ ਰੋਡ ਉੱਤੇ ਡੀਜੀਐੱਮ ਬਿਲਡਰਜ਼ ਐਂਡ ਡਿਵੈਂਲਪਰਜ਼ ਦੇ ਨਾਂ ’ਤੇ ਦਫਤਰ ਖੋਲ੍ਹਿਆ ਹੋਇਆ ਹੈ ਅਤੇ ਉਹ ਤਿੰਨ ਚਾਰ ਸਾਲਾਂ ਤੋਂ ਇੱਥੇ ਕੰਮ ਕਰਦੀ ਹੈ। ਇਸ ਪ੍ਰਾਜੈਕਟ ਵਿੱਚ ਤਰਨਜੀਤ ਸਿੰਘ ਉਰਫ ਘੋਲੂ ਦਾ ਪੈਸਾ ਵੀ ਲੱਗਿਆ ਹੈ। ਉਸ ਨੇ ਦੋਸ਼ ਲਗਾਇਆ ਕਿ ਕੁਝ ਮਹੀਨਿਆਂ ਤੋਂ ਹਰਜਿੰਦਰ ਸਿੰਘ ਅਤੇ ਇਸ ਦੇ ਸਾਥੀ ਉਸ ਨੂੰ ਡਰਾ ਧਮਕਾ ਰਹੇ ਹਨ। ਇਨ੍ਹਾਂ ਨੇ 24 ਮਾਰਚ ਨੂੰ ਸੈਕਟਰ 123 ਵਿੱਚ ਉਸਦੀ ਸਾਈਟ ’ਤੇ ਜਾ ਕੇ ਕੰਮ ਬੰਦ ਕਰਵਾ ਦਿੱਤਾ ਅਤੇ ਲੇਬਰ ਦੀ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਡੀਜੀਪੀ ਦਫਤਰ ਗਈ ਅਤੇ ਇਨ੍ਹਾਂ ਖਿਲਾਫ ਸ਼ਿਕਾਇਤ ਕੀਤੀ। ਉਸ ਨੇ ਦੋਸ਼ ਲਗਾਇਆ ਹੈ ਕਿ 25 ਮਾਰਚ ਨੂੰ ਹਰਜਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਦੀ ਗੱਡੀ ਘੇਰ ਲਈ ਅਤੇ ਪਿਸਤੌਲ ਤਾਣ ਲਈ। ਇਸ ਸਬੰਧੀ ਐੱਸਪੀ ਸਿਟੀ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ।
ਉਸ ਨੇ ਦੋਸ਼ ਲਗਾਇਆ ਕਿ 26 ਮਾਰਚ ਉਹ ਬਾਅਦ ਦੁਪਹਿਰ ਆਪਣੇ ਦਫਤਰ ਆਈ ਸੀ। ਉਸ ਦੇ ਡਰਾਈਵਰ ਨੇ ਦੂਜੀ ਧਿਰ ਨੂੰ ਉਸਦੇ ਦਫਤਰ ਵੱਲ ਆਉਂਦੇ ਵੇਖਿਆ ਅਤੇ ਆ ਕੇ ਦੱਸਿਆ ਕਿ ਉਹ ਆਪਣੀਆਂ ਗੱਡੀਆਂ ਖੜ੍ਹੀਆਂ ਕਰਕੇ ਦਫਤਰ ਵੱਲ ਨੂੰ ਪੈਦਲ ਆ ਰਹੇ ਸਨ। ਉਸ ਨੇ ਬਾਹਰ ਆ ਕੇ ਵੇਖਿਆ ਕਿ ਉਹ ਪਿੰਡ ਝੁੰਗੀਆਂ ਦੇ ਸ਼ਮਸ਼ਾਨਘਾਟ ਨੇੜੇ ਪੁੱਜ ਗਏ ਸਨ ਅਤੇ ਉਨ੍ਹਾਂ ਨੂੰ ਦੇਖਦਿਆਂ ਹੀ ਲਲਕਾਰੇ ਮਾਰਨ ਲੱਗ ਪਏ। ਉਸ ਨੇ ਦੋਸ਼ ਲਗਾਇਆ ਕਿ ਸੱਤ ਵਿਅਕਤੀਆਂ ਕੋਲ ਰਾਇਫਲ ਅਤੇ ਪਿਸਤੌਲਾਂ ਸਨ ਅਤੇ ਬਾਕੀਆਂ ਕੋਲ ਡੰਡੇ ਤੇ ਨੰਗੀਆਂ ਤਲਵਾਰਾਂ ਸਨ। ਉਨ੍ਹਾਂ ਸ਼ਿਕਾਇਤਕਰਤਾ ਵੱਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਸ਼ਿਕਾਇਤਕਰਤਾ ਨੇ ਦਫਤਰ ਅੰਦਰ ਵੜ ਕੇ ਆਪਣੀ ਜਾਨ ਬਚਾਈ।
ਰਾਹ ਜਾਂਦੀ ਕੁੜੀ ਦਾ ਮੋਬਾਈਲ ਝਪਟਿਆ
ਚੰਡੀਗੜ੍ਹ: ਪਿੰਡ ਕਜਹੇੜੀ ਵਿੱਚ 66 ਕੇ.ਵੀ. ਦੇ ਨੇੜਿਓਂ ਗੁਜ਼ਰ ਰਹੀ ਲੜਕੀ ਦਾ ਮੋਬਾਈਲ ਫੋਨ ਐਕਟਿਵਾ ਸਵਾਰ ਦੋ ਨੌਜਵਾਨ ਝਪਟ ਕੇ ਲੈ ਗਏ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਪੁਲੀਸ ਨੇ ਪੜਤਾਲ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-52 ਵਿੱਚ ਰਹਿਣ ਵਾਲੀ ਲੜਕੀ ਕਜਹੇੜੀ ਵਿੱਚੋਂ ਗੁਜ਼ਰ ਰਹੀ ਸੀ। ਇਸੇ ਦੌਰਾਨ ਐਕਟਿਵਾ ਸਵਾਰ ਦੋ ਨੌਜਵਾਨ ਉਸ ਦਾ ਮੋਬਾਈਲ ਫੋਨ ਝਪਟ ਕੇ ਫ਼ਰਾਰ ਹੋ ਗਏ ਹਨ। ਸੈਕਟਰ-36 ਦੀ ਪੁਲੀਸ ਨੇ ਅਣਪਛਾਤੇ ਨੌਜਵਾਨਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਢਲੀ ਜਾਂਚ ਵਿੱਚ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਘਾਲ ਰਹੀ ਹੈ। -ਟਨਸ