ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 1 ਅਪਰੈਲ
ਇੱਥੋਂ ਦੀ ਬਰਵਾਲਾ ਰੋਡ ’ਤੇ ਲੰਘੇ ਦਿਨੀਂ ਇਕ ਟੈਂਕਰ ਚਾਲਕ ਵੱਲੋਂ ਖੇਤਾਂ ਵਿੱਚ ਦੂਸ਼ਿਤ ਪਾਣੀ ਸੁੱਟੇ ਜਾਣ ਦੇ ਮਾਮਲੇ ਵਿੱਚ ਪੁਲੀਸ ਨੇ ਕਥਿਤ ਦੋਸ਼ੀ ਟੈਂਕਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਮੇਵਾ ਰਾਮ ਵਾਸੀ ਪਿੰਡ ਕੁੜਾਵਾਲਾ ਦੇ ਰੂਪ ਵਿੱਚ ਹੋਈ ਹੈ।
ਖੇਤ ਮਾਲਕਾਂ ਵੱਲੋਂ ਟੈਂਕਰ ਚਾਲਕ ਨੂੰ ਰੰਗੇ ਹੱਥੀਂ ਦੂਸ਼ਿਤ ਪਾਣੀ ਖੇਤਾਂ ’ਚ ਸੁੱਟਦੇ ਹੋਏ ਫੜ ਕੇ ਇਸ ਸਬੰਧੀ ਜਾਣਕਾਰੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਦਿੱਤੀ ਸੀ। ਵਿਧਾਇਕ ਸ੍ਰੀ ਰੰਧਾਵਾ ਨੇ ਮੌਕੇ ’ਤੇ ਪਹੁੰਚ ਕੇ ਟੈਂਕਰ ਚਾਲਕ ਨੂੰ ਪੁਲੀਸ ਹਵਾਲੇ ਕਰਦਿਆਂ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਸੱਦ ਕੇ ਪਾਣੀ ਦੇ ਸੈਂਪਲ ਵੀ ਭਰਵਾਏ ਸਨ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਟੈਂਕਰ ਚਾਲਕ ਕੈਮੀਕਲ ਫੈਕਟਰੀਆਂ ਵਿੱਚੋਂ ਦੂਸ਼ਿਤ ਪਾਣੀ ਚੁੱਕ ਕੇ ਇਲਾਕੇ ਵਿੱਚੋਂ ਲੰਘੀ ਨਦੀ, ਨਾਲੇ ਅਤੇ ਚੋਅ ਸਣੇ ਲੋਕਾਂ ਦੇ ਖੇਤਾਂ ਵਿੱਚ ਸੁੱਟ ਕੇ ਇਲਾਕੇ ਦੇ ਵਾਤਾਵਰਨ ਅਤੇ ਪਾਣੀ ਨੂੰ ਪਲੀਤ ਕਰ ਰਹੇ ਹਨ, ਜਿਸ ਕਾਰਨ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਥਾਣਾ ਮੁਖੀ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਟੈਂਕਰ ਚਾਲਕ ਵੱਲੋਂ ਇਕ ਫੈਕਟਰੀ ਦਾ ਨਾਂਅ ਦੱਸਿਆ ਗਿਆ ਹੈ ਜਿਸ ਖ਼ਿਲਾਫ਼ ਕਾਰਵਾਈ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਲਏ ਪਾਣੀ ਦੇ ਸੈਂਪਲ ਦੀ ਰਿਪੋਰਟ ਆਉਣ ’ਤੇ ਕੀਤੀ ਜਾਵੇਗੀ।