ਕੁਲਦੀਪ ਸਿੰਘ
ਚੰਡੀਗੜ੍ਹ, 13 ਜੁਲਾਈ
ਪੀਜੀਆਈ ਚੰਡੀਗੜ੍ਹ ਵਿੱਚ ਜਨਰਲ ਸ਼੍ਰੇਣੀ ਨਾਲ ਸਬੰਧਤ ਕੁਝ ਕਰਮਚਾਰੀਆਂ ਵੱਲੋਂ ਕਥਿਤ ਤੌਰ ’ਤੇ ਕੀਤੀਆਂ ਰਹੀਆਂ ਰਾਖਵਾਂਕਰਨ ਵਿਰੋਧੀ ਗਤੀਵਿਧੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ’ਤੇ ਚੰਡੀਗੜ੍ਹ ਪੁਲੀਸ ਨੇ ਪੀਜੀਆਈ ਦੇ ਬਾਇਓ ਕੈਮਿਸਟਰੀ ਵਿਭਾਗ ਦੇ ਟੀ.ਏ. ਬਰਾਂਚ ਵਿੱਚ ਤਾਇਨਾਤ ਮੁਲਾਜ਼ਮ ਆਗੂ ਅਸ਼ਵਨੀ ਕੁਮਾਰ ਮੁੰਜਾਲ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਦੀ ਧਾਰਾ 3 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤਕਰਤਾ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਸ਼ਿਕਾਇਤ ਭੇਜਣ ਵਾਲੇ ਪੀਜੀਆਈ ਐਂਪਲਾਈਜ਼ ਯੂਨੀਅਨ (ਨਾਨ- ਫੈਕਲਟੀ) ਚੰਡੀਗੜ੍ਹ ਦੇ ਪ੍ਰਧਾਨ ਹਰਭਜਨ ਸਿੰਘ ਭੱਟੀ ਨੇ ਦੱਸਿਆ ਕਿ ਪੀਜੀਆਈ ਵਿੱਚ ਅਸ਼ਵਨੀ ਕੁਮਾਰ ਮੁੰਜਾਲ ਸਮੇਤ ਕਈ ਕਰਮਚਾਰੀਆਂ ਵੱਲੋਂ ‘ਆਲ ਪੀਜੀਆਈ ਜਨਰਲ ਐਂਡ ਓਬੀਸੀ ਕੈਟਾਗਰੀ ਐਂਪਲਾਈਜ਼ ਐਸੋਸੀਏਸ਼ਨ (ਐਡਹਾਕ ਫ਼ਰੰਟ ਅਗੇਂਸਟ ਰਿਜ਼ਰਵੇਸ਼ਨ ਇਨ ਪ੍ਰਮੋਸ਼ਨਜ਼ ਐਂਡ ਫਾਰ ਇੰਪਲੀਮੈਂਟੇਸ਼ਨ ਆਫ਼ ਕੈਚਅੱਪ ਰੂਲਜ਼) ਬਣਾਈ ਗਈ ਹੈ। ਇਸ ਐਡਹਾਕ ਫ਼ਰੰਟ ਰਾਹੀਂ ਪੀਜੀਆਈ ਵਿੱਚ ਐੱਸਸੀ/ਐੱਸਟੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਤਰੱਕੀਆਂ ਦਾ ਸ਼ਰੇਆਮ ਵਿਰੋਧ ਕੀਤਾ ਜਾ ਰਿਹਾ ਹੈ ਜੋ ਕਿ ਭਾਰਤੀ ਸੰਵਿਧਾਨ ਅਤੇ ਐੱਸਸੀ/ਐੱਸਟੀ ਐਕਟ ਦੀ ਘੋਰ ਉਲੰਘਣਾ ਹੈ। ਅਜਿਹਾ ਕਰ ਕੇ ਇਸ ਫ਼ਰੰਟ ਦੇ ਅਹੁਦੇਦਾਰ ਪੀਜੀਆਈ ਵਿੱਚ ਤਣਾਅ ਵਾਲਾ ਮਾਹੌਲ ਪੈਦਾ ਕਰ ਰਹੇ ਹਨ।