ਨਿਜੀ ਪੱਤਰ ਪ੍ਰੇਰਕ
ਜ਼ੀਰਕਪੁਰ, 4 ਮਈ
ਪੁਲੀਸ ਨੇ ਪਤੀ-ਪਤਨੀ ਦੀ ਸ਼ਿਕਾਇਤ ’ਤੇ ਪੈਸੇ ਲੈ ਕੇ ਫਲੈਟ ਦੀ ਰਜਿਸਟਰੀ ਕਰਵਾ ਕੇ ਕਬਜ਼ਾ ਨਾ ਦੇਣ ਦੇ ਦੋਸ਼ ਹੇਠ ਬਿਲਡਰ ਸਣੇ ਦੋ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ _ਚ ਅਜੈ ਕੁਮਾਰ ਅਰੋੜਾ ਤੇ ਉਨ੍ਹਾਂ ਦੀ ਪਤਨੀ ਰੂਚੀ ਅਰੋੜਾ ਵਾਸੀ ਵੀਆਈਪੀ ਰੋਡ ਨੇ ਦੱਸਿਆ ਕਿ ਉਨ੍ਹਾਂ ਨੇ ਬਰਨਾਲਾ ਡਿਵੈਲਪਰਜ਼ ਦੇ ਹਾਊਸਿੰਗ ਪ੍ਰਾਜੈਕਟ ਦਿ ਲੋਟਸ ਐਵਨਿਊ ਸੁਸਾਸਿਟੀ ਸਿੰਘਪੁਰਾ _ਚ 2020 ਸਤੰਬਰ ਵਿੱਚ 9ਵੀਂ ਮੰਜ਼ਿਲ ’ਤੇ ਫਲੈਟ 51 ਲੱਖ ਰੁਪਏ ਵਿੱਚ ਖਰੀਦਿਆ ਸੀ।
ਉਨ੍ਹਾਂ ਦੱਸਿਆ ਕਿ ਬਿਲਡਰ ਅਮਿਤ ਮਿੱਤਲ ਵਾਸੀ ਪੰਚਕੂਲਾ ਤੇ ਆਸ਼ੀਸ਼ ਕੁਮਾਰ ਵਸੀ ਪਿੰਡ ਦਿਆਲਪੁਰਾ ਨੇ ਫਲੈਟ ਦੀ ਰਜਿਸਟਰੀ ਤਾਂ ਕਰਵਾ ਦਿੱਤੀ ਪਰ ਇਸਦਾ ਕਬਜ਼ਾ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਉਹ ਫਲੈਟ ਦਾ ਕਬਜ਼ਾ ਲੈਣ ਜਾਂਦੇ ਹਨ ਤਾਂ ਬਿਲਡਰ ਉਥੇ ਸਾਮਾਨ ਪਿਆ ਹੋਣ ਦਾ ਬਹਾਨਾ ਲਾ ਕੇ ਟਾਲ ਜਾਂਦਾ ਹੈ।
ਲੰਘੇ ਦਿਨੀਂ ਉਹ ਕਬਜ਼ਾ ਲੈਣ ਲਈ ਬਿਲਡਰ ਕੋਲ ਗਏ ਤਾਂ ਉਸਨੇ ਉਥੇ ਕੁਝ ਅਣਪਛਾਤੇ ਲੋਕ ਬੁਲਾ ਕੇ ਧਮਕੀ ਦਿੱਤੀ ਕਿ ਉਹ ਕਬਜ਼ਾ ਨਹੀਂ ਦੇਣਗੇ। ਉਨ੍ਹਾਂ ਨੇ ਦੱਸਿਆ ਕਿ ਸਿਆਸੀ ਰਸੂਖ ਕਾਰਨ ਬਿਲਡਰ ਨੇ ਕਾਫੀ ਦੇਰ ਆਪਣੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਣ ਦਿੱਤੀ। ਇਸ ਮਗਰੋਂ ਉਸ ਵੱਲੋਂ ਮਾਮਲੇ ਦੀ ਸ਼ਿਕਾਇਤ ਡੀਜੀਪੀ ਪੰਜਾਬ ਨੂੰ ਦਿੱਤੀ ਗਈ ਜਿਸ ਮਗਰੋਂ ਹੁਣ ਬਿਲਡਰ ਖ਼ਿਲਾਫ਼ ਪੁਲੀਸ ਨੇ ਧੋਖਾਧੜੀ ਦਾ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਕਰਨ ਮਗਰੋਂ ਕੇਸ ਦਰਜ ਕਰਕੇ ਬਿਲਡਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।