ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 7 ਅਕਤੂਬਰ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ ਸੰਘਰਸ਼ ਦੌਰਾਨ ਕਿਸਾਨਾਂ ਨੂੰ ਗੱਡੀ ਥੱਲੇ ਦਰੜਨ ਦੇ ਮਾਮਲੇ ਵਿਚ ਇਨਸਾਫ਼ ਦੀ ਜੰਗ ਨੂੰ ਮਜ਼ਬੂਤ ਕਰਨ ਵਾਸਤੇ ਵੱਖ-ਵੱਖ ਥਾਵਾਂ ਤੋਂ ਜਥੇ ਲਖੀਮਪੁਰ ਲਈ ਰਵਾਨਾ ਹੋਏ ਹਨ। ਇਸੇ ਦੌਰਾਨ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਕਾਂਗਰਸੀ ਆਗੂਆਂ, ਵਰਕਰਾਂ ਤੇ ਆਮ ਲੋਕਾਂ ਦੇ ਕਾਫ਼ਲੇ ਨੂੰ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ ਨੇ ਰਵਾਨਾ ਕੀਤਾ। ਬੀਬੀ ਨਾਗਰਾ ਨੇ ਉਕਤ ਘਟਨਾ ਲਈ ਯੂ.ਪੀ ਅਤੇ ਕੇਂਦਰ ਦੀਆਂ ਭਾਜਪਾ ਸਰਕਾਰਾਂ ਦੀ ਨਿਖੇਧੀ। ਉਨ੍ਹਾਂ ਕਿਹਾ ਕਿ ਨਫ਼ਰਤ ਦੀ ਰਾਜਨੀਤੀ ਕਰਨ ਵਾਲੀ ਭਾਜਪਾ ਨੇ ਹੁਣ ਇਸ ਦੀਆਂ ਸਰਕਾਰਾਂ ਦੇ ਜ਼ੁਲਮਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਜਾਨੋਂ ਮਾਰਨ ਦਾ ਰਾਹ ਅਖ਼ਤਿਆਰ ਕਰ ਲਿਆ ਹੈ, ਜਿਸ ਦੇ ਗੰਭੀਰ ਸਿੱਟੇ ਨਿਕਲਣਗੇ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ ਵੀ ਮੌਜੂਦ ਸਨ।
ਖਰੜ (ਪੱਤਰ ਪ੍ਰੇਰਕ): ਹਲਕਾ ਖਰੜ ਤੋਂ ਲਖੀਮਪੁਰ ਘਟਨਾ ਦੇ ਇਨਸਾਫ਼ ਲਈ ਇੰਫੋਟੈਕ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਯਾਦਵਿੰਦਰਾ ਸਿੰਘ ਕੰਗ ਅਗਵਾਈ ਹੇਠ ਕਾਫ਼ਲਾ ਰਵਾਨਾ ਹੋ ਗਿਆ ਹੈ।
ਅਮਲੋਹ (ਪੱਤਰ ਪ੍ਰੇਰਕ): ਲਖੀਮਪੁਰ ਹਿੰਸਾ ਖ਼ਿਲਾਫ਼ ਅੱਜ ਇੱਥੇ ਕੈਬਨਿਟ ਮੰਤਰੀ ਰਣਦੀਪ ਸਿੰਘ ਦਫ਼ਤਰ ਦੇ ਅੱਗੇ ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਅਤੇ ਹਲਕੇ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਬਲਜਿੰਦਰ ਸਿੰਘ ਭੱਟੋਂ ਦੀ ਅਗਵਾਈ ਹੇਠ ਇਕੱਠੇ ਹੋਏ ਕਾਂਗਰਸੀ ਵਰਕਰਾਂ ਵੱਲੋਂ ਕੇਂਦਰ ’ਤੇ ਯੂਪੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਂਗਰਸ ਦਾ ਜਥਾ ਲਖੀਮਪੁਰ ਖੀਰੀ ਜਾਣ ਲਈ ਮੁਹਾਲੀ ਵਾਸਤੇ ਰਵਾਨਾ ਵੀ ਹੋਇਆ।
ਲਖੀਮਪੁਰ ਹਿੰਸਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇੇ: ਚੰਦੂਮਾਜਰਾ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਕਿਸਾਨ ’ਤੇ ਗੱਡੀ ਚੜ੍ਹਾ ਮੌਤ ਦੇ ਘਾਟ ਉਤਾਰਨ ਤੇ ਦੋਸ਼ੀਆਂ ਨੂੰ ਫੜ ਕੇ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ। ਉਨ੍ਹਾਂ ਕੇਦਰੀ ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ ਦੀ ਮੰਗ ਕਰਦਿਆਂ ਉਨ੍ਹਾਂ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ। ਸ੍ਰੀ ਚੰਦੂਮਾਜਰਾ ਇੱਥੇ ਕੌਂਸਲਰ ਕ੍ਰਿਪਾਲ ਸਿੰਘ ਗਿੱਲ ਦੀ ਮਾਤਾ ਦੀ ਹੋਈ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਯੂਪੀ ਪੁਲੀਸ ਦੇ ਵਤੀਰੇ ਦੀ ਨਿਖੇਧੀ ਵੀ ਕੀਤੀ। ਇਸ ਮੌਕੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਬਲਦੇਵ ਸਿੰਗ ਹਾਫਿਜ਼ਾਬਾਦ, ਜਨਰਲ ਸਕੱਤਰ ਹਰਦੀਪ ਸਿੰਘ ਸੋਨੀ, ਯੂਥ ਆਗੂ ਲਖਵੀਰ ਸਿੰਘ ਆਦਿ ਹਾਜ਼ਰ ਸਨ।
ਮੁੱਖ ਮੰਤਰੀ ਨੇ ਪੰਜਾਬ ਤੇ ਕਿਸਾਨੀ ਦੀ ਤਰਜਮਾਨੀ ਕੀਤੀ: ਬੀਰਦਵਿੰਦਰ
ਮੁਹਾਲੀ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਲਖੀਮਪੁਰ ਖੀਰੀ ਦੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਘਟਨਾ ਪ੍ਰਤੀ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੀ ਸੰਜੀਦਗੀ ਨੇ ਪੀੜਤ ਕਿਸਾਨ ਪਰਿਵਾਰਾਂ ਪ੍ਰਤੀ, ਉਸ ਦੀ ਸੰਵੇਦਨਾ ਨੂੰ ਦਰਸਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਥੀਆਂ ਸਮੇਤ ਮੌਕੇ ’ਤੇ ਅੱਪੜ ਕੇ ਲਖੀਮਪੁਰ ਖੀਰੀ ਦੇ ਪੀੜਤ ਪੰਜਾਬੀ ਕਿਸਾਨ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਅਤੇ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ, ਉਸ ਨਾਲ ਕਿਸਾਨ ਅੰਦੋਲਨ ਦੀ ਸਾਰਥਿਕਤਾ ਨੂੰ ਵੱਡਾ ਬਲ ਮਿਲਿਆ ਹੈ। ਉਨ੍ਹਾਂ ਨੇ ਘਟਨਾ ਪ੍ਰਤੀ ਹੋਛੀ ਬਿਆਨਬਾਜ਼ੀ ਲਈ ਭਾਜਪਾ ਆਗੂਆਂ ਦੀ ਨਿਖੇਧੀ ਵੀ ਕੀਤੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਤਾਂ ਸਭ ਤੋਂ ਪਹਿਲਾਂ ਲਖੀਮਪੁਰ ਖੀਰੀ ਪਹੁੰਚ ਕੇ ਗ੍ਰਿਫ਼ਤਾਰੀ ਦੇਣੀ ਚਾਹੀਦੀ ਸੀ ਜਦਕਿ ਇਸ ਘਟਨਾ ਪ੍ਰਤੀ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਚੁੱਪੀ ਤੋਂ ਵੀ ਲੋਕ ਹੈਰਾਨ ਹਨ।