ਹਰਜੀਤ ਸਿੰਘ
ਡੇਰਾਬੱਸੀ, 12 ਅਗਸਤ
ਇੱਥੇ ਚਾਰ ਲੁਟੇਰੇ ਪਿਸਤੌਲ ਦੀ ਨੋਕ ’ਤੇ ਇਕ ਵਿਅਕਤੀ ਦੀ ਕਾਰ ਖੋਹ ਕੇ ਫ਼ਰਾਰ ਹੋ ਗਏ। ਗੱਡੀ ਖੋਹਣ ਤੇ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੀੜਤ ਅਭਿਸ਼ੇਕ ਸ਼ਰਮਾ ਵਾਸੀ ਸ਼ਿਮਲਾ (ਹਿਮਾਚਲ ਪ੍ਰਦੇਸ਼) ਨੇ ਦੱਸਿਆ ਕਿ ਉਹ ਸੋਮਵਾਰ ਰਾਤ ਨੂੰ ਕਰੀਬ 9.30 ਵਜੇ ਆਪਣੀ ਚਿੱਟੇ ਰੰਗ ਦੀ ਕਰੇਟਾ ਗੱਡੀ ਵਿੱਚ ਸ਼ਿਮਲਾ ਤੋਂ ਦਿੱਲੀ ਵੱਲ ਜਾ ਰਿਹਾ ਸੀ। ਉਸ ਨੇ ਫਲਾਈਓਵਰ ਪਾਰ ਕਰ ਕੇ ਪਿਸ਼ਾਬ ਕਰਨ ਲਈ ਗੱਡੀ ਸੜਕ ਦੇ ਇਕ ਪਾਸੇ ਖੜ੍ਹੀ ਕੀਤੀ। ਇਸ ਦੌਰਾਨ ਪਿੱਛੇ ਤੋਂ ਆਈ ਇਕ ਚਿੱਟੇ ਰੰਗ ਦੀ ਕਾਰ ਉਸ ਦੀ ਗੱਡੀ ਦੇ ਅੱਗੇ ਆ ਕੇ ਰੁਕੀ, ਜਿਸ ਵਿੱਚੋਂ ਚਾਰ ਵਿਅਕਤੀ ਬਾਹਰ ਨਿਕਲੇ। ਉਹ ਆਉਂਦੇ ਸਾਰ ਉਸ ਦੀ ਖੁੱਲ੍ਹੀ ਪਈ ਕਾਰ ਵਿੱਚ ਬੈਠ ਗਏ। ਕਾਰ ਵਿੱਚ ਚਾਬੀ ਲੱਗੀ ਹੋਈ ਸੀ। ਉਸ ਨੇ ਮੁਲਜ਼ਮਾਂ ਦੀ ਇਸ ਹਰਕਤ ਦਾ ਵਿਰੋਧ ਕਰਦਿਆਂ ਰੌਲਾ ਪਾਇਆ ਤਾਂ ਚਾਰੋਂ ਜਣਿਆਂ ਵਿੱਚੋਂ ਇਕ ਲੁਟੇਰੇ ਨੇ ਉਸ ’ਤੇ ਦੋ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇਕ ਗੋਲੀ ਉਸ ਦੇ ਕੰਨ ਕੋਲੋਂ ਲੰਘ ਗਈ ਅਤੇ ਉਹ ਵਾਲ-ਵਾਲ ਬੱਚ ਗਿਆ ਜਦਕਿ ਮੁਲਜ਼ਮ ਨੇ ਇਕ ਗੋਲੀ ਉਸ ਦੇ ਪੈਰਾਂ ਵੱਲ ਜ਼ਮੀਨ ਵਿੱਚ ਚਲਾਈ। ਪੀੜਤ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਉਪਰੰਤ ਲੁਟੇਰੇ ਉਸ ਦੀ ਗੱਡੀ ਲੈ ਕੇ ਦਿੱਲੀ ਵੱਲ ਨੂੰ ਫ਼ਰਾਰ ਹੋ ਗਏ। ਹਨੇਰਾ ਹੋਣ ਕਾਰਨ ਉਹ ਉਨ੍ਹਾਂ ਦੀ ਗੱਡੀ ਦਾ ਨੰਬਰ ਵੀ ਨੋਟ ਨਹੀਂ ਕਰ ਸਕਿਆ। ਚਾਰੋਂ ਮੁਲਜ਼ਮ ਮੋਨੇ ਸਨ। ਥਾਣਾ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਸ਼ੱਕੀ ਜਾਪ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਹਾਲੇ ਤੱਕ ਇਹ ਸਪੱਸ਼ਟ ਨਹੀਂ ਕਰ ਸਕਿਆ ਹੈ ਕਿ ਉਸ ਨਾਲ ਵਾਰਦਾਤ ਕਿਸ ਥਾਂ ਵਾਪਰੀ ਹੈ ਅਤੇ ਮੌਕੇ ਤੋਂ ਕੋਈ ਗੋਲੀਆਂ ਦੇ ਖਾਲੀ ਖੋਲ੍ਹ ਵੀ ਬਰਾਮਦ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਸੱਚਾਈ ਸਾਹਮਣੇ ਆ ਜਾਵੇਗੀ।
ਢਾਬੇ ਦੇ ਬਾਹਰ ਤੋਂ ਮੋਟਰਸਾਈਕਲ ਚੋਰੀ
ਉੱਧਰ, ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ਨੇੜੇ ਸਥਿਤ ਇਕ ਢਾਬੇ ਦੇ ਬਾਹਰ ਤੋਂ ਚੋਰ ਇਕ ਮੋਟਰਸਾਈਕਲ ਚੋਰੀ ਕਰ ਲੈ ਗਏ। ਇਸ ਸਬੰਧੀ ਅੰਕੁਸ਼ ਵਾਸੀ ਮੁਬਾਰਕਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਾਲ ਢਾਬੇ ਨੇੜੇ ਇਕ ਦਫ਼ਤਰ ਵਿੱਚ ਨੌਕਰੀ ਕਰਦਾ ਹੈ। ਉਸ ਨੇ ਆਪਣਾ ਮੋਟਰਸਾਈਕਲ ਦਫਤਰ ਦੇ ਬਾਹਰ ਖੜ੍ਹਾ ਕੀਤਾ ਸੀ। ਕੁਝ ਦੇਰ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਮੋਟਰਸਾਈਕਲ ਗਾਇਬ ਸੀ। ਉਸ ਵੱਲੋਂ ਢਾਬੇ ਦੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਦੋ ਨੌਜਵਾਨ ਮੋਟਰਸਾਈਕਲ ਚੋਰੀ ਕਰ ਲੈ ਜਾਂਦੇ ਦਿਖਾਈ ਦੇ ਰਹੇ ਹਨ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।