ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਮਈ
ਮੁਹਾਲੀ ਪੁਲੀਸ ਨੇ ਇੱਕ ਮੁਲਜ਼ਮ ਨੂੰ ਚੋਰੀ ਦੇ ਬੁਲੇਟ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਰਾਮ ਗੋਪਾਲ ਵਾਸੀ ਕਿਸ਼ਨਪੁਰ (ਬਿਹਾਰ) ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਫੇਜ਼-1 ਦੇ ਐੱਸਐੱਚਓ ਸੁਮਿਤ ਮੌਰ ਨੇ ਦੱਸਿਆ ਕਿ ਮੁਲਜ਼ਮ ਬਲੌਂਗੀ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਉਸ ਨੇ ਬੀਤੇ ਦਿਨੀਂ ਚੰਡੀਗੜ੍ਹ ਤੋਂ ਬੁਲੇਟ ਮੋਟਰਸਾਈਕਲ ਚੋਰੀ ਕੀਤਾ ਸੀ ਜਿਸ ਨੂੰ ਉਹ ਮੁਹਾਲੀ ਵਿੱਚ ਵੇਚਣ ਦੀ ਤਾਕ ਵਿੱਚ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਸਥਿਤ ਪੁਲੀਸ ਚੌਕੀ ਫੇਜ਼-6 ਦੇ ਇੰਚਾਰਜ ਸੌਰਭ ਸਭਰਵਾਲ, ਸਿਪਾਹੀ ਬਲਜਿੰਦਰ ਸਿੰਘ ਅਤੇ ਰਣਵੀਰ ਸਿੰਘ ਪੁਰਾਣਾ ਬੈਰੀਅਰ ਨੇੜੇ ਗਸ਼ਤ ਡਿਊਟੀ ’ਤੇ ਤਾਇਨਾਤ ਸਨ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਰਾਮ ਗੋਪਾਲ ਨੇ ਯੂਟੀ ਖੇਤਰ ’ਚੋਂ ਮੋਟਰਸਾਈਕਲ ਚੋਰੀ ਕੀਤਾ ਹੈ ਜੋ ਉਸ ਨੂੰ ਸ਼ਿਵਾਲਿਕ ਸਕੂਲ ਫੇਜ਼-6 ਨੇੜੇ ਵੇਚਣ ਦੀ ਫਿਰਾਕ ਵਿੱਚ ਹੈ। ਪੁਲੀਸ ਕਰਮਚਾਰੀਆਂ ਨੇ ਛਾਪਾ ਮਾਰ ਕੇ ਰਾਮ ਗੋਪਾਲ ਨੂੰ ਸਾਈਕਲ ਸਮੇਤ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਇਹ ਮੋਟਰ ਸਾਈਕਲ ਬੀਤੇ ਦਿਨੀਂ ਉਸ ਨੇ ਚੰਡੀਗੜ੍ਹ ਦੇ ਸੈਕਟਰ-56 ’ਚੋਂ ਚੋਰੀ ਕੀਤਾ ਸੀ। ਇਲਾਕਾ ਮੈਜਿਸਟਰੇਟ ਨੇ ਰਾਮ ਗੋਪਾਲ ਨੂੰ ਚਾਰ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪਾਣੀ ਦੇ ਮੀਟਰ ਚੋਰੀ ਕਰਨ ਦੇ ਦੋਸ਼ ਹੇਠ ਮੁਹਾਲੀ ਵਾਸੀ ਗ੍ਰਿਫ਼ਤਾਰ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮਲੋਆ ਦੇ ਛੋਟੇ ਫਲੈਟਾਂ ਦੇ ਬਾਹਰੋਂ ਬੀਤੀ ਰਾਤ ਪਾਣੀ ਦੇ ਮੀਟਰ ਚੋਰੀ ਕਰ ਲਏ ਗਏ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਪੁਲੀਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਪਾਣੀ ਦੇ ਮੀਟਰ ਚੋਰੀ ਕਰਨ ਦੇ ਦੋਸ਼ ਹੇਠ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਵਿਜੈ ਵਾਸੀ ਜੁਝਾਰ ਨਗਰ ਮੁਹਾਲੀ ਵਜੋਂ ਹੋਈ ਹੈ। ਇਹ ਕਾਰਵਾਈ ਥਾਣਾ ਮਲੋਆ ਦੀ ਪੁਲੀਸ ਨੇ ਫਲੈਟ ਵਾਸੀ ਔਰਤ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਲੰਘੀ ਰਾਤ ਕਈ ਫਲੈਟਾਂ ਦੇ ਪਾਣੀ ਦੇ ਮੀਟਰ ਚੋਰੀ ਹੋ ਗਏ ਸਨ। ਪੁਲੀਸ ਗ੍ਰਿਫ਼ਤਾਰ ਕੀਤੇ ਮੁਲਜ਼ਮ ਤੋਂ ਪੁੱਛ-ਪੜਤਾਲ ਕਰ ਰਹੀ ਹੈ।