ਆਤਿਸ਼ ਗੁਪਤਾ
ਚੰਡੀਗੜ੍ਹ, 17 ਜੂਨ
ਇੱਥੋਂ ਦੇ ਕਿਸ਼ਨਗੜ੍ਹ ਵਿੱਚ ਰਹਿਣ ਵਾਲੇ 15 ਸਾਲਾਂ ਲੜਕੇ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਨੇ ਦੋ ਭਰਾਵਾਂ ਸਣੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਕ ਨੌਜਵਾਨ ਫ਼ਰਾਰ ਹੋ ਗਿਆ ਹੈ। ਜਿਸ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਪੰਕਜ ਗੁਪਤਾ, ਵਿਕਾਸ ਗੁਪਤਾ ਵਾਸੀਆਨ ਕਿਸ਼ਨਗੜ੍ਹ, ਮੁਕੇਸ਼ ਕੁਮਾਰ, ਰਜਤ ਵਾਸੀਆਨ ਰਾਮਦਰਬਾਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਬਲਟਾਨਾ ਵਾਸੀ ਅਜੈ ਸ਼ਰਮਾ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ।
ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਮੰਗਲਵਾਰ ਸਵੇਰ ਸਮੇਂ ਕਿਸ਼ਨਗੜ੍ਹ ਵਿੱਚ ਰਹਿਣ ਵਾਲਾ 15 ਸਾਲਾਂ ਲੜਕਾ ਸਾਈਕਲਿੰਗ ਕਰਨ ਗਿਆ ਸੀ ਜਿਸ ਨੂੰ ਸਵੇਰੇ 5.30 ਵਜੇ ਦੇ ਕਰੀਬ ਕਾਰ ਵਿੱਚ ਸਵਾਰ ਤਿੰਨ ਨੌਜਵਾਨ ਰੇਲਵੇ ਫਾਟਕਾ ਦੇ ਨਜ਼ਦੀਕ ਤੋਂ ਅਗਵਾ ਕਰ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਅਗਵਾ ਕਰਨ ਵਾਲਿਆਂ ਨੇ ਪੀੜਤ ਪਰਿਵਾਰ ਤੋਂ ਲੜਕੇ ਨੂੰ ਛੱਡਣ ਲਈ 50 ਲੱਖ ਰੁਪਏ ਦੀ ਮੰਗ ਕੀਤੀ।
ਇਸ ਸਬੰਧੀ ਪੀੜਤ ਦੇ ਪਿਤਾ ਚੁੜਾਮਨੀ ਵਾਸੀ ਕਿਸ਼ਨਗੜ੍ਹ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਚੰਡੀਗੜ੍ਹ ਪੁਲੀਸ ਨੇ ਇਸ ਸ਼ਿਕਾਇਤ ਦੇ ਆਧਾਰ ਦੇ ਆਧਾਰ ’ਤੇ ਪੜਤਾਲ ਸ਼ੁਰੂ ਕੀਤੀ। ਪੁਲੀਸ ਦੀ ਮੁਸਤੈਦੀ ਦੇਖ ਕੇ ਮੁਲਜ਼ਮ ਲੜਕੇ ਨੂੰ ਬਲਟਾਨਾ ਦੇ ਨਜ਼ਦੀਕ ਛੱਡ ਕੇ ਫ਼ਰਾਰ ਹੋ ਗਏ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਸ਼ਹਿਰ ਵਿੱਚ ਛਾਪੇ ਮਾਰੇ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ੍ਰੀ ਚਹਿਲ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਗੁਆਂਢ ਵਿੱਚ ਰਹਿਣ ਵਾਲਾ ਮੁਲਜ਼ਮ ਪੰਕਜ ਗੁਪਤਾ ਹੀ ਅਗਵਾ ਮਾਮਲੇ ਦਾ ਮੁੱਖ ਸਾਜ਼ਿਸ਼ਕਾਰ ਸੀ ਜਿਸ ਨੇ ਆਰਥਿਕ ਤੰਗੀ ਦੇ ਚਲਦਿਆਂ ਪਹਿਲਾਂ 15 ਸਾਲਾਂ ਲੜਕੇ ਦੀ ਰੈਕੀ ਕੀਤੀ। ਇਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ।
ਉਨ੍ਹਾਂ ਦੱਸਿਆ ਕਿ ਵਾਰਦਾਤ ਤੋਂ ਬਾਅਦ ਤੋਂ ਹੀ ਪੰਕਜ ਹਰ ਸਮੇਂ ਪੀੜਤ ਪਰਿਵਾਰ ਨਾਲ ਮੌਜੂਦ ਸੀ। ਉਹ ਪੀੜਤ ਪਰਿਵਾਰ ਨਾਲ ਪੁਲੀਸ ਅਤੇ ਹੋਰ ਥਾਵਾਂ ’ਤੇ ਪਹੁੰਚ ਕਰ ਰਿਹਾ ਸੀ। ਐੱਸਐੱਸਪੀ ਨੇ ਦੱਸਿਆ ਕਿ ਕਾਰ ’ਤੇ ਫਰਜ਼ੀ ਨੰਬਰ ਲੱਗਿਆ ਹੋਇਆ ਸੀ ਜਿਸ ਮਗਰੋਂ ਪੁਲੀਸ ਨੇ ਘਟਨਾ ਵਾਲੀ ਥਾਂ ਤੋਂ ਸੀਸੀਟੀਵੀ ਕੈਮਰੇ ਖੰਘਾਲਣੇ ਸ਼ੁਰੂ ਕੀਤੇ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਸ਼ਨਾਖਤ ਹੋ ਗਈ। ਪੁਲੀਸ ਨੇ ਅਗਵਾ ਮਾਮਲੇ ਵਿੱਚ ਸ਼ਾਮਲ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਇਕ ਮੁਲਜ਼ਮ ਦੀ ਪੜਤਾਲ ਲਈ ਛਾਪੇ ਮਾਰੇ ਜਾ ਰਹੇ ਹਨ।
ਚੰਡੀਗੜ੍ਹ ਪੁਲੀਸ ਨੇ ਅਗਵਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਪੁਲੀਸ ਨੇ ਜੱਜ ਤੋਂ ਪੁੱਛ ਗਿੱਛ ਲਈ ਪੁਲੀਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਚਾਰੋਂ ਮੁਲਜ਼ਮਾਂ ਨੂੰ ਚਾਰ-ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਨਿੱਜੀ ਬੈਂਕ ਲਈ ਰਿਕਵਰੀ ਦਾ ਕੰਮ ਕਰਦੇ ਸਨ ਮੁਲਜ਼ਮ
ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਮੁਲਜ਼ਮ ਵਿਕਾਸ, ਪੰਕਜ ਅਤੇ ਮੁਕੇਸ਼ ਨਿੱਜੀ ਬੈਂਕ ਲਈ ਰਿਕਵਰੀ ਦਾ ਕੰਮ ਕਰਦੇ ਸਨ। ਇਕੱਠੇ ਕੰਮ ਕਰਨ ਕਰਕੇ ਤਿੰਨਾਂ ਦੀ ਦੋਸਤੀ ਹੋ ਗਈ ਸੀ। ਇਸੇ ਦੌਰਾਨ ਤਿੰਨਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਜਿਸ ਵਿੱਚ ਦੋ ਹੋਰ ਜਣਿਆਂ ਨੂੰ ਸ਼ਾਮਲ ਕੀਤਾ।