ਹਰਜੀਤ ਸਿੰਘ
ਜ਼ੀਰਕਪੁਰ, 17 ਅਗਸਤ
ਹਲਕਾ ਵਿਧਾਇਕ ਐੱਨਕੇ ਸ਼ਰਮਾ ਨੇ ਅੱਜ ਦੇਰ ਸ਼ਾਮ ਇਕ ਪ੍ਰੈੱਸ ਕਾਨਫਰੰਸ ਕਰ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ’ਤੇ ਨਗਰ ਕੌਂਸਲ ਦੇ ਕਰੋੜਾਂ ਰੁਪਏ ਦੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਸ੍ਰੀ ਸ਼ਰਮਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸ ਸਰਕਾਰ ਨੇ ਨਗਰ ਕੌਂਸਲ ਜ਼ੀਰਕਪੁਰ ਨਾਲ 55 ਕਰੋੜ ਰੁਪਏ ਦੀ ਠੱਗੀ ਮਾਰਦੇ ਹੋਏ ਕਥਿਤ ਤੌਰ ’ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਪੈਸੇ ਹੜੱਪ ਲਏ ਹਨ, ਜਦਕਿ ਇਹ ਪੈਸੇ ਸ਼ਹਿਰ ਦੇ ਵਿਕਾਸ ’ਤੇ ਖਰਚ ਹੋਣੇ ਸੀ।
ਵਿਧਾਇਕ ਨੇ ਦੱਸਿਆ ਕਿ ਇਸ ਸਰਕਾਰ ਨੇ ਇਕ ਚਿੱਠੀ ਰਾਹੀਂ ਨਗਰ ਕੌਂਸਲ ਨੂੰ ਬਜਟ ਦਾ 15 ਫੀਸਦੀ ਪੈਨਸ਼ਨ ਕੰਟਰੀਬਿਊਸ਼ਨ ਦੇਣ ਲਈ ਕਿਹਾ ਹੈ। ਕੌਂਸਲ ਦੀ ਮਹੀਨੇ ਦੀ ਮਹੀਨੇ ਦੀ 10 ਲੱਖ ਰੁਪਏ ਪੈਨਸ਼ਨ ਬਣਦੀ ਸੀ ਪਰ ਸਰਕਾਰ ਨੇ ਜੀਐੱਸਟੀ ਵਿੱਚੋਂ ਆਉਣ ਵਾਲੇ ਸ਼ੇਅਰ ਵਿੱਚੋਂ 70 ਲੱਖ ਰੁਪਏ ਕੱਟਣਾ ਸ਼ੁਰੂ ਕਰ ਦਿੱਤਾ। ਸਰਕਾਰ ਨੇ ਲੰਘੇ ਸਾਢੇ ਤਿੰਨ ਸਾਲਾਂ ਦੌਰਾਨ 35 ਕਰੋੜ ਰੁਪਏ ਗਲਤ ਤਰੀਕੇ ਨਾਲ ਵਸੂਲ ਲਏ ਹਨ ਜੋ ਕਿ ਗੈਰ ਕਾਨੂੰਨੀ ਹੈ। ਹਲਕਾ ਵਿਧਾਇਕ ਨੇ ਅੱਗੇ ਕਿਹਾ ਕਿ ਸਾਲ 2015 ਵਿੱਚ ਪੀਆਰ 7 ਏਅਰੋਸਿਟੀ 200 ਫੁੱਟ ਰਿੰਗ ਰੋਡ ਦਾ ਕੰਮ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਕਰਵਾਇਆ ਸੀ। ਇਸ ਸੜਕ ਦੀ ਉਸਾਰੀ ਵਿੱਚ ਕੌਂਸਲ ਦਾ ਕੋਈ ਲੈਣਾ ਦੇਣਾ ਨਹੀਂ ਸੀ ਪਰ ਹੁਣ ਸਰਕਾਰ ਦੀ ਸ਼ਹਿ ’ਤੇ ਸਥਾਨਕ ਸਰਕਾਰਾਂ ਵਿਭਾਗ ਨੇ ਕੌਂਸਲ ਨੂੰ ਇਕ ਚਿੱਠੀ ਕੱਢ 19 ਕਰੋੜ 14 ਲੱਖ ਰੁਪਏ ਸੜਕ ਦੇ ਕੰਮ ਲਈ ਵਸੂਲੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ਸਰਕਾਰ ਨੇ ਸ਼ਹਿਰ ਦੇ ਵਿਕਾਸ ਲਈ ਫੰਡ ਤਾਂ ਕੀ ਦੇਣਾ ਸੀ ਸਗੋਂ ਕੌਂਸਲ ਦੇ 55 ਕਰੋੜ ਰੁਪਏ ਫੰਡ ਗਲਤ ਤਰੀਕੇ ਨਾਲ ਹੜੱਪ ਲਏ। ਉਨ੍ਹਾਂ ਖਦਸ਼ਾ ਜਤਾਇਆ ਕਿ ਨਗਰ ਕੌਂਸਲ ਦੇ ਖਾਤੇ ਵਿੱਚ 150 ਕਰੋੜ ਰੁਪਏ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਜਮ੍ਹਾਂ ਹੈ ਜੋ ਕਿ ਸਰਕਾਰ ਗਲਤ ਹੱਥਕੰਡੇ ਅਪਣਾ ਕੇ ਉਸ ਨੂੰ ਵੀ ਹੜੱਪਣਾ ਚਾਹੁੰਦੀ ਹੈ।