ਪੱਤਰ ਪ੍ਰੇਰਕ
ਚੰਡੀਗੜ੍ਹ, 8 ਸਤੰਬਰ
ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਉੱਤੇ ਅਚਾਨਕ ਕਬਜ਼ਾ ਕਰ ਲਏ ਜਾਣ ਤੋਂ ਬਾਅਦ ਚੰਡੀਗੜ੍ਹ ਵਿੱਚ ਵੱਖ-ਵੱਖ ਥਾਈਂ ਰਹਿ ਰਹੇ ਅਫ਼ਗਾਨੀ ਵਿਦਿਆਰਥੀਆਂ ਵੱਲੋਂ ਅੱਜ ਸੈਕਟਰ-17 ਸਥਿਤ ਪਲਾਜ਼ਾ ਵਿਚ ਮੋਮਬੱਤੀ ਮਾਰਚ ਕੀਤਾ ਗਿਆ। ਇਸ ਵਿੱਚ ਔਰਤਾਂ ਨੇ ਵੀ ਭਾਗ ਲਿਆ ਤੇ ਹੱਥਾਂ ਵਿੱਚ ਮੰਗਾਂ ਸਬੰਧੀ ਤਖ਼ਤੀਆਂ ਫੜ ਕੇ ਕੇਂਦਰ ਸਰਕਾਰ, ਯੂਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਸਵੱਲੀ ਨਜ਼ਰ ਦੀ ਗੁਹਾਰ ਲਗਾਈ। ਉਨ੍ਹਾਂ ਮੰਗ ਕੀਤੀ ਕਿ ਅਫ਼ਗਾਨੀ ਵਿਦਿਆਰਥੀਆਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇ।
ਮਾਰਚ ਵਿੱਚ ਵਿਦਿਆਰਥੀਆਂ ਨੇ ਯੂਟੀ ਪ੍ਰਸ਼ਾਸਨ ਸਣੇ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾਂ ਤੋਂ ਉਨ੍ਹਾਂ ਦੀ ਪੜ੍ਹਾਈ ਪੂਰੀ ਕਰਨ ਤੇ ਉਨ੍ਹਾਂ ਦੇ ਰਹਿਣ ਵਿੱਚ ਸਹਾਇਤਾ ਦੀ ਮੰਗ ਕੀਤੀ।
ਅਫ਼ਗਾਨ ਯੂਨਿਟੀ ਗਰੁੱਪ ਇਨ-ਚੰਡੀਗੜ੍ਹ ਤੇ ਪੰਜਾਬ ਦੇ ਫਾਊਂਡਰ ਮੁਹੰਮਦ ਵਾਲਿਦ ਜ਼ਮਰੇ, ਖ਼ਾਤਿਰਾ ਨੂਰੀ ਅਤੇ ਅਫ਼ਗਾਨ ਸਟੂਡੈਂਟਸ ਯੂਨਿਟੀ ਗਰੁੱਪ-ਇਨ-ਚੰਡੀਗੜ੍ਹ ਤੋਂ ਅਬਦੁਲ ਮੁਨੀਰ ਕੱਕੜ ਨੇ ਕਿਹਾ ਕਿ ਕਈ ਗ੍ਰੈਜੂਏਟ ਦੀ ਡਿਗਰੀ ਪੂਰੀ ਕਰਨ ਵਾਲੇ ਵਿਦਿਆਰਥੀਆਂ ਦਾ ਇੰਡੀਅਨ ਕਾਊਂਸਿਲ ਫਾਰ ਕਲਚਰਲ ਰਿਲੇਸ਼ਨਜ਼ ਵੱਲੋਂ ਵੀ ਵਜ਼ੀਫ਼ਾ ਬੰਦ ਕਰ ਦਿੱਤਾ ਗਿਆ ਹੈ। ਅਫ਼ਗਾਨੀ ਵਿਦਿਆਰਥੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਅਗਲੀ ਡਿਗਰੀ ਲਈ ਵਜ਼ੀਫ਼ਾ ਚਾਲੂ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਅਫ਼ਗਾਨਿਸਤਾਨ ਵਿੱਚ ਵਿਗੜੇ ਹਾਲਾਤ ਦੇ ਮੱਦੇਨਜ਼ਰ ਭਾਰਤ ਵਿੱਚ ਇੰਟਰਨੈੱਟ ਸੁਵਿਧਾ, ਕਾਲਜਾਂ ਵਿੱਚ ਫੀਸ ਮੁਆਫ਼ੀ ਦੇ ਨਾਲ-ਨਾਲ ਰੁਜ਼ਗਾਰ ਦੇਣ ਦੀ ਵੀ ਮੰਗ ਕੀਤੀ।