ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 23 ਜੂਨ
ਟੋਰਾਂਟੋ ਪੁਲੀਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 20 ਵਿਅਕਤੀਆਂ ਗ੍ਰਿਫ਼ਤਾਰ ਕੀਤਾ ਹੈ,ਜਿਨ੍ਹਾਂ ਵਿੱਚ 9 ਪੰਜਾਬੀ ਮੂਲ ਦੇ ਹਨ। ਪੁਲੀਸ ਨੇ ਵਿਸ਼ੇਸ਼ ਅਪਰੇਸ਼ਨ ਤਹਿਤ ਕਾਰਵਾਈ ਕਰਕੇ ਟ੍ਰੇਲਰਾਂ ਰਾਹੀਂ ਮੈਕਸੀਕੋ ਰਾਹੀਂ ਕੈਲੀਫੋਰਨੀਆ ਤੋਂ ਕੈਨੇਡਾ ਲਿਜਾਏ ਜਾ ਰਹੇ 1000 ਕਿੱਲੋ ਤੋਂ ਵੱਧ ਕੋਕੀਨ, ਕ੍ਰਿਸਟਲ ਮੈਥ ਅਤੇ ਚਰਸ ਜ਼ਬਤ ਕੀਤੀ ਹੈ। ਟੋਰਾਂਟੋ ਪੁਲੀਸ ਮੁਤਾਬਕ ਬਰਾਮਦਗੀ ਵਿੱਚ 444 ਕਿਲੋਗ੍ਰਾਮ ਕੋਕੀਨ, 182 ਕਿਲੋ ਕ੍ਰਿਸਟਲ ਮੈਥ, 427 ਕਿਲੋ ਚਰਸ, 300 ਆਕਸੀਕੋਡਨ ਗੋਲੀਆਂ, 966,020 ਡਾਲਰ ਕੈਨੇਡੀਅਨ ਕਰੰਸੀ, 21 ਵਾਹਨ, 5 ਟਰੈਕਟਰ ਟ੍ਰੇਲਰ ਅਤੇ ਇੱਕ ਹਥਿਆਰ ਸ਼ਾਮਲ ਹਨ। ਟੋਰਾਂਟੋ ਪੁਲੀਸ ਨੇ ਕਿਹਾ, ‘ਜ਼ਬਤ ਕੀਤੇ ਨਸ਼ੇ ਦੀ ਕੀਮਤ 6.1 ਕਰੋੜ ਡਾਲਰ ਤੋਂ ਵੱਧ ਗਈ ਹੈ ਅਤੇ ਇਹ ਉਨ੍ਹਾਂ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਨਸ਼ਾ ਬਰਾਮਦਗੀ ਹੈ। ਮੁਲਜ਼ਮਾਂ ਵਿੱਚ ਨੌਂ ਪੰਜਾਬੀ ਮੂਲ ਵਿਅਕਤੀਆਂ ਵਿਚੋਂ ਬਰੈਂਪਟਨ ਦਾ 37 ਸਾਲਾ ਗੁਰਬਖਸ਼ ਸਿੰਘ ਗਰੇਵਾਲ, ਕੈਲੇਡਨ ਦਾ 25 ਸਾਲਾ ਅਮਰਬੀਰ ਸਿੰਘ ਸਰਕਾਰੀਆ, ਕੈਲੇਡਨ ਦਾ 46 ਸਾਲਾ ਹਰਬਲਜੀਤ ਸਿੰਘ ਤੂਰ, ਕੈਲੇਡਨ ਦੀ ਹਰਵਿੰਦਰ ਭੁੱਲਰ 43, ਕਿਚਨਰ ਦਾ ਸਾਰਜੰਟ ਸਿੰਘ ਧਾਲੀਵਾਲ 37, ਗੁਰਵੀਰ ਧਾਲੀਵਾਲ 26, ਗੁਰਮਨਪ੍ਰੀਤ ਗਰੇਵਾਲ 26, ਬਰੈਂਪਟਨ ਦਾ ਸੁਖਵੰਤ ਬਰਾੜ 37 ਤੇ ਪਰਮਿੰਦਰ ਗਿੱਲ ਸ਼ਾਮਲ ਹਨ। ਮੁਲਜ਼ਮਾਂ ਵਿਚੋਂ ਦੋ ਫਰਾਰ ਹਨ।
ਪੁਲੀਸ ਮੁਤਾਬਕ ਇਹ ਨਸ਼ਾ ਐਨੀ ਬਾਖੂਬੀ ਨਾਲ ਵਾਹਨਾਂ ਵਿੱਚ ਲੁਕਾਇਆ ਹੋਇਆ ਸੀ ਕਿ ਐਕਸਰੇਅ ਮਸ਼ੀਨਾਂ ਵੀ ਇਨ੍ਹਾਂ ਨੂੰ ਫੜ੍ਹ ਨਹੀਂ ਸਕੇ। ਇਸ ਜ਼ਖ਼ੀਰੇ ਨੂੰ ਕਾਬੂ ਕਰਨ ਲਈ ਕਈ ਰਾਜਾਂ ਦੀ ਪੁਲੀਸ ਕੰਮ ਕਰ ਰਹੀ ਸੀ।