ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 21 ਜਨਵਰੀ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਹੁਣ ਕਲਾਸੀਕਲ ਐਂਡ ਵਰਨੈਕੁਲਰ (ਸੀ ਐਂਡ ਵੀ) ਅਧਿਆਪਕਾਂ ਨੂੰ ਮਾਸਟਰ ਵਜੋਂ ਤਰੱਕੀ ਦਿੱਤੀ ਜਾਵੇਗੀ ਜਦਕਿ ਚੰਡੀਗੜ੍ਹ ਵਿਚ ਪਹਿਲਾਂ ਇਨ੍ਹਾਂ ਅਧਿਆਪਕਾਂ ਨੂੰ ਸਿੱਧਾ ਲੈਕਚਰਾਰ ਨਿਯੁਕਤ ਕੀਤਾ ਜਾਂਦਾ ਸੀ ਜਿਸ ਕਾਰਨ ਭਾਸ਼ਾਵਾਂ ਦੇ ਅਧਿਆਪਕਾਂ ਵਿਚ ਰੋਸ ਸੀ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਵਲੋਂ ਇਨ੍ਹਾਂ ਅਧਿਆਪਕਾਂ ਨੂੰ ਮਾਸਟਰਾਂ ਵਜੋਂ ਹੀ ਤਰੱਕੀ ਦਿੱਤੀ ਜਾਂਦੀ ਹੈ। ‘ਪੰਜਾਬੀ ਟ੍ਰਿਬਿਊਨ’ ਨੇ ਵੀ ਇਸ ਸਬੰਧੀ ਮਾਮਲਾ ਪ੍ਰਮੁੱਖਤਾ ਨਾਲ ਉਠਾਇਆ ਸੀ ਤੇ ਹਾਲੇ ਇਹ ਮਾਮਲਾ ਅਦਾਲਤ ਵਿਚ ਵੀ ਵਿਚਾਰਅਧੀਨ ਹੈ।
ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਲੈਕਚਰਾਰ ਵਜੋਂ ਤਰੱਕੀ ਦਿੱਤੀ ਜਾਣੀ ਸੀ ਤੇ ਇਨ੍ਹਾਂ ਅਧਿਆਪਕਾਂ ਦੀ ਸੀਨੀਆਰਤਾ ਸੂਚੀ ਅਪਲੋਡ ਕਰਕੇ ਅਧਿਆਪਕਾਂ ਤੋਂ ਇਤਰਾਜ਼ ਮੰਗੇ ਸਨ। ਇਸ ਲਿਸਟ ਤੋਂ ਖਫਾ ਅਧਿਆਪਕਾਂ ਨੇ ਕੈਟ ਤਕ ਪਹੁੰਚ ਕੀਤੀ ਤੇ ਕੈਟ ਨੇ ਫਾਈਨ ਆਰਟਸ, ਫਿਜ਼ੀਕਲ ਐਜੂਕੇਸ਼ਨ ਤੇ ਕਾਮਰਸ ਦੇ ਅਧਿਆਪਕਾਂ ਦੀ ਸੀਨੀਆਰਤਾ ਸੂਚੀ ਹਾਲੇ ਜਾਰੀ ਨਾ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਵਿਭਾਗ ਨੇ 101 ਅਧਿਆਪਕਾਂ ਵਿਚੋਂ ਫਾਈਨ ਆਰਟਸ, ਕਾਮਰਸ ਤੇ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕਾਂ ਨੂੰ ਕੱਢ ਕੇ 89 ਅਧਿਆਪਕਾਂ ਦੀ ਸੀਨੀਆਰਤਾ ਸੂਚੀ ਅਪਲੋਡ ਕਰ ਦਿੱਤੀ। ਇਸ ਵਿਚ ਫੇਰ ਭਾਸ਼ਾਵਾਂ ਦੇ ਅਧਿਆਪਕਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਿਸ ਤੋਂ ਬਾਅਦ ਪੰਜ ਅਧਿਆਪਕਾਂ ਨੇ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (ਕੈਟ) ਕੋਲ ਦੁਬਾਰਾ ਪਹੁੰਚ ਕੀਤੀ। ਵਕੀਲ ਗੁਰਸਿਮਰਨ ਸਿੰਘ ਮਦਾਨ ਨੇ ਸਿੱਖਿਆ ਵਿਭਾਗ ਦੇ ਦੋਹਰੇ ਮਾਪਦੰਡ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਹਿੰਦੀ ਤੇ ਪੰਜਾਬੀ ਤੇ ਅਧਿਆਪਕਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ। ਸੀਐਂਡਵੀ ਤੇ ਮਾਸਟਰ ਕੇਡਰ ਦੀ ਵਿਦਿਅਕ ਯੋਗਤਾ ਇਕ ਹੋਣ ਦੇ ਬਾਵਜੂਦ ਦੋ ਸੀਨੀਆਰਤਾ ਸੂਚੀਆਂ ਬਣਾਈਆਂ ਗਈਆਂ ਹਨ ਜਿਸ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇਤਰਾਜ਼ ਲਾਇਆ ਸੀ। ਸੀਐਂਡਵੀ ਅਧਿਆਪਕਾਂ ਨੂੰ ਪਹਿਲਾਂ ਟੀਜੀਟੀ ਬਣਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਉਹ ਲੈਕਚਰਾਰਾਂ ਲਈ ਯੋਗ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਕੈਟ ਵਿਚ ਇਸ ਵਾਰ ਤਕਨੀਕੀ ਸਮੱਸਿਆ ਕਾਰਨ ਸੁਣਵਾਈ ਨਹੀਂ ਹੋਈ ਜਿਸ ਕਰ ਕੇ ਅਗਲੀ ਸੁਣਵਾਈ 17 ਫਰਵਰੀ ਨੂੰ ਹੋਵੇਗੀ। ਵਿਭਾਗ ਨੇ ਭਾਸ਼ਾਵਾਂ ਵਿਚੋਂ ਅੰਗਰੇਜ਼ੀ ਦੇ ਅਧਿਆਪਕਾਂ ਨੂੰ ਕੱਢ ਕੇ ਦੂਜੇ ਵਰਗ ਵਿਚ ਪਾ ਦਿੱਤਾ ਹੈ ਜਿਸ ਖਿਲਾਫ ਅਧਿਆਪਕਾਂ ਵਿਚ ਰੋਸ ਹੈ।
ਡੀਈਓ ਵੱਲੋਂ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ
ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਅੱਜ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਉਹ ਜੇਬੀਟੀ, ਐਨਟੀਟੀ ਤੇ ਸੀਐਂਡਵੀ ਅਧਿਆਪਕਾਂ ਵਿਚੋਂ ਮਾਸਟਰ ਤੇ ਮਿਸਟਰੈਸ ਦੀ ਅਸਾਮੀ ’ਤੇ ਤਰੱਕੀ ਲਈ ਕੇਸ ਭੇਜਣ। ਉਨ੍ਹਾਂ ਡੀਈਓ ਦਫਤਰ ਵਿਚ ਯੋਗ ਉਮੀਦਵਾਰਾਂ ਦੇ ਕੇਸ ਭੇਜਣ ਲਈ ਕਿਹਾ ਹੈ। ਯੋਗ ਉਮੀਦਵਾਰਾਂ ਦੀ ਪਿਛਲੇ ਪੰਜ ਸਾਲ ਦੀ ਏਸੀਆਰ ਤੇ ਵਿਦਿਅਕ ਯੋਗਤਾਵਾਂ ਸਮੇਤ ਸਮੁੱਚਾ ਰਿਕਾਰਡ ਮੰਗਿਆ ਗਿਆ ਹੈ। ਇਸ ਤੋਂ ਇਲਾਵਾ ਸਕੂਲ ਮੁਖੀਆਂ ਤੋਂ 31 ਦਸੰਬਰ 2020 ਤਕ ਸਕੂਲਾਂ ਵਿਚ ਖਾਲੀ ਪਈਆਂ ਅਸਾਮੀਆਂ ਦੇ ਵੇਰਵੇ ਵੀ ਦੇਣ ਨੂੰ ਕਿਹਾ ਗਿਆ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਵਾਰ ਸੀਐਂਡਵੀ ਅਧਿਆਪਕਾਂ ਤੋਂ ਮਾਸਟਰ ਕੇਡਰ ਵਿਚ ਤਰੱਕੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਦੂਜੇ ਸ਼ਨਿਚਰਵਾਰ ਨੂੰ ਹੋਵੇਗੀ ਸਰਕਾਰੀ ਸਕੂਲਾਂ ਵਿੱਚ ਛੁੱਟੀ
ਸਿੱਖਿਆ ਵਿਭਾਗ ਨੇ ਅੱਜ ਸਰਕਾਰੀ ਸਕੂਲਾਂ ਵਿਚ ਫਰਵਰੀ ਤੇ ਮਾਰਚ ਮਹੀਨੇ ਦੇ ਦੂਜੇ ਸ਼ਨਿਚਵਾਰ ਨੂੰ ਛੁੱਟੀ ਐਲਾਨਣ ਦਾ ਹੁਕਮ ਜਾਰੀ ਕੀਤਾ ਹੈ। ਇਸ ਸਬੰਧੀ ਹੁਕਮ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਜਾਰੀ ਕੀਤੇ ਜੋ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਵੀ ਲਾਗੂ ਹੋਣਗੇ। ਦੂਜੇ ਪਾਸੇ ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਹੁਕਮਾਂ ਦਾ ਸਵਾਗਤ ਕੀਤਾ ਹੈ।