ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 26 ਅਕਤੂਬਰ
ਚੰਡੀਗੜ੍ਹ ਹਾਊਸਿੰਗ ਬੋਰਡ ਨੇ ਸੈਕਟਰ 52 ਤੇ 56 ਵਿੱਚ ਆਰਜ਼ੀ ਤੌਰ ’ਤੇ ਬਣਾਏ ਸ਼ੈਲਟਰਾਂ ਵਿੱਚ ਰਹਿਣ ਵਾਲਿਆਂ ਨੂੰ ਮਲੋਆ ਵਿੱਚ ਬਣਾਏ ਗਏ ਫਲੈਟਾਂ ਵਿੱਚ ਤਬਦੀਲ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ। ਮਲੋਆ ਵਿੱਚ ਕਿਰਾਏ ਦੇ ਆਧਾਰ ’ਤੇ ਫਲੈਟ ਅਲਾਟ ਕਰਨ ਲਈ ਅੱਜ ਹਾਊਸਿੰਗ ਬੋਰਡ ਵੱਲੋਂ ਕੈਂਪ ਲਗਾਇਆ ਗਿਆ। ਕੇਂਦਰ ਸਰਕਾਰ ਵੱਲੋਂ ਬਣਾਈ ਗਈ ਕਿਫਾਇਤੀ ਕਿਰਾਏ ਵਾਲੀ ਹਾਊਸਿੰਗ ਕੰਪਲੈਕਸ ਯੋਜਨਾ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਫਲੈਟਾਂ ਦੇ ਅਲਾਟੀਆਂ ਨੂੰ ਪ੍ਰਤੀ ਮਹੀਨੇ ਤਿੰਨ ਹਜ਼ਾਰ ਰੁਪਏ ਕਿਰਾਏ ਦਾ ਭੁਗਤਾਨ ਕਰਨਾ ਪਏਗਾ। ਅੱਜ ਇਥੇ ਸੈਕਟਰ 9 ਸਥਿਤ ਹਾਊਸਿੰਗ ਬੋਰਡ ਦੇ ਦਫ਼ਤਰ ਵਿੱਚ ਲਗਾਏ ਕੈਂਪ ਦੌਰਾਨ ਸੈਕਟਰ 52 ਤੇ 56 ਦੇ ਲਾਭ ਪਾਤਰੀਆਂ ਦੇ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਬੋਰਡ ਵੱਲੋਂ ਲਾਭਪਾਰਤੀਆਂ ਦੀ ਸੂਚੀ 22 ਨੂੰ ਜਾਰੀ ਕੀਤੀ ਗਈ ਸੀ। ਅੱਜ ਕੈਂਪ ਦੇ ਪਹਿਲੇ ਦਿਨ ਲਗਪਗ 250 ਲੋਕਾਂ ਨੇ ਦਸਤਾਵੇਜ਼ਾਂ ਦੀ ਜਾਂਚ ਕਰਵਾਈ।
ਇਹ ਕੈਂਪ 29 ਅਕਤੂਬਰ ਤੱਕ ਜਾਰੀ ਰਹੇਗਾ। ਇਸ ਤੋਂ ਬਾਅਦ ਫਲੈਟ ਅਲਾਟ ਕਰਨ ਲਈ ਕਮਪਿਊਟਰ ਰਾਹੀਂ ਡਰਾਅ ਕੱਢਿਆ ਜਾਵੇਗਾ। ਐਲਾਟ ਹੋਣ ਤੋਂ ਤਿੰਨ ਦਿਨਾਂ ਵਿੱਚ ਲਾਭਪਾਤਰੀ ਨੂੰ ਸ਼ੈੱਡ ਖਾਲੀ ਕਰਨਾ ਹੋਵੇਗਾ। ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਆਪਣੇ ਆਪਣੇ ਵਿਭਾਗ ਅਧੀਨ ਆਉਣ ਵਾਲੇ ਕਾਰਜ਼ਾਤ ਨੂੰ ਪੂਰਾ ਕਰਨ ਲਈ ਜੰਗੀ ਪੱਧਰ ’ਤੇ ਕੰਮ ਛੇੜਿਆ ਗਿਆ ਹੈ।