ਮੁਕੇਸ਼ ਕੁਮਾਰ
ਚੰਡੀਗੜ੍ਹ, 19 ਦਸੰਬਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਿਮਾਚਲੀ ਮੂਲ ਦੇ ਲੋਕਾਂ ਲਈ ਚੰਡੀਗੜ੍ਹ ਭਾਜਪਾ ਨੇ ਅੱਜ ਹਿਮਾਚਲੀ ਧਾਮ (ਰਵਾਇਤੀ ਖਾਣਾ) ਅਤੇ ਸੱਭਿਆਚਾਰਕ ਸਮਾਗਮ ਦਾ ਪ੍ਰਬੰਧ ਕੀਤਾ ਅਤੇ ਹਿਮਾਚਲ ਪ੍ਰਦੇਸ਼ ਦੇ ਚੰਡੀਗੜ੍ਹ ਵਾਸੀਆਂ ਤੋਂ ਵੋਟਾਂ ਲਈ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ। ਭਾਜਪਾ ਦੇ ਹਿਮਾਚਲ ਸੈੱਲ ਵੱਲੋਂ ਕੀਤੇ ਗਏ ਇਸ ਸਮਾਗਮ ਦੌਰਾਨ ਹਿਮਾਚਲ ਦੇ ਮੰਡੀ, ਕਾਂਗੜਾ, ਹਮੀਰਪੁਰ ਅਤੇ ਬਿਲਾਸਪੁਰ ਦੇ ਧਾਮ ਦੇ ਰੂਪ ਵਿੱਚ ਮਿੱਠਾ, ਮਦਰਾ, ਸੇਪੁ ਵੜੀ, ਦਹੀ ਦੇ ਮਿਸ਼ਰਣ ਦੇ ਨਾਲ ਮਾਹਾਂ ਦੀ ਦਾਲ, ਪਹਾੜੀ ਕੜੀ, ਚਨੇ ਦਾ ਖੱਟਾ ਪੱਤਲ ’ਤੇ ਪਰੋਸਿਆ ਗਿਆ।
ਸਮਾਗਮ ਦੌਰਾਨ ਮੰਡੀ ਕਲਿਆਣ ਸਭਾ, ਸਿਰਮੌਰ ਸਭਾ, ਹਿਮਾਚਲ ਮਹਾਸਭਾ, ਸਮੇਤ ਸ਼ਹਿਰ ਵਿਚ ਸਰਗਰਮ ਹਿਮਾਚਲ ਵਾਸੀਆਂ ਦੀਆਂ 17 ਸਭਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਹਿਮਾਚਲ ਅਤੇ ਚੰਡੀਗੜ੍ਹ ਦੀ ਸੱਭਿਆਚਾਰਕ ਸਾਂਝ ਹੀ ਇੱਥੋਂ ਦੇ ਲੋਕਾਂ ਦੀ ਖਾਸੀਅਤ ਹੈ। ਭਾਜਪਾ ਪ੍ਰਧਾਨ ਅਰੁਣ ਸੂਦ, ਸਾਬਕਾ ਪ੍ਰਧਾਨ ਸੰਜੈ ਟੰਡਨ, ਭਾਰਤ ਦੇ ਐਡੀਸ਼ਨਲ ਸਾਲੀਸਟਰ ਜਨਰਲ ਸੱਤਪਾਲ ਜੈਨ, ਚੰਡੀਗੜ੍ਹ ਦੀ ਕੋ-ਇੰਚਾਰਜ ਇੰਦੂਬਾਲਾ ਗੋਸਵਾਮੀ, ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ, ਸੂੁੁਬਾ ਸਕੱਤਰ ਅਮਿਤ ਰਾਣਾ ਸਮੇਤ ਇਥੇ ਪਹੁੰਚੇ ਕਈ ਆਗੂਆਂ ਨੇ ਜ਼ਮੀਨ ’ਤੇ ਬੈਠ ਕੇ ਹਿਮਾਚਲੀ ਰਵਾਇਤ ਅਨੁਸਾਰ ਪੱਤਲ ’ਤੇ ਹੀ ਧਾਮ ਦਾ ਆਨੰਦ ਲਿਆ। ਇਸ ਮੌਕੇ ਹਿਮਾਚਲ ਦੇ ਲੋਕ ਗਾਇਕ ਕਰਨੈਲ ਰਾਣਾ ਨੇ ਲੋਕਾਂ ਦਾ ਮਨੋਰੰਜਨ ਕੀਤਾ।