ਮਿਹਰ ਸਿੰਘ
ਕੁਰਾਲੀ, 25 ਮਈ
ਸ਼ਹਿਰ ’ਚੋਂ ਲੰਘਦੇ ਕੌਮੀ ਮਾਰਗ ਦੇ ਬਰਮਾਂ ’ਤੇ ਇੰਟਰਲੌਕ ਟਾਈਲਾਂ ਲਗਾਉਣ ਲਈ ਕਈ ਮਹੀਨੇ ਪਹਿਲਾਂ ਪੁੱਟੇ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਚੰਡੀਗੜ੍ਹ ਰੋਡ ਦੇ ਸੁੰਦਰੀਕਰਨ ਅਤੇ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਕੌਂਸਲ ਨੇ ਬਰਮਾਂ ’ਤੇ ਇੰਟਰਲੌਕ ਟਾਇਲਾਂ ਲਗਾ ਕੇ ਪੱਕਾ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਖਾਲਸਾ ਸਕੂਲ ਤੇ ਪੁਰਾਣੀ ਡਿਸਪੈਂਸਰੀ ਸਾਹਮਣੇ ਕਰੀਬ ਤਿੰਨ ਮਹੀਨੇ ਪਹਿਲਾਂ ਸ਼ੁਰੂ ਕੀਤਾ, ਇਹ ਕੰਮ ਹਾਲੇ ਤੱਕ ਸਿਰੇ ਨਹੀਂ ਚੜ੍ਹ ਸਕਿਆ, ਸਗੋਂ ਬਰਮਾਂ ਨੂੰ ਸੜਕ ਨਾਲੋਂ ਕਾਫੀ ਡੂੰਘਾਈ ਤੱਕ ਪੁੱਟ ਕੇ ਛੱਡ ਦਿੱਤਾ ਗਿਆ। ਮੀਂਹ ਪੈਣ ਕਾਰਨ ਪੁੱਟੇ ਟੋਇਆਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਇਸ ਸਬੰਧੀ ਮਾਰਸ਼ਲ ਗਰੁੱਪ ਦੇ ਆਗੂ ਰਣਜੀਤ ਸਿੰਘ ਕਾਕਾ ਮਾਰਸ਼ਲ ਨੇ ਕਿਹਾ ਕਿ ਕੌਂਸਲ ਨੂੰ ਕੁੰਭਕਰਨੀ ਨੀਂਦ ਤੋਂ ਜਾਗਣ ਅਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਬੰਦ ਕਰਕੇ ਕੌਮੀ ਸੜਕ ਦੇ ਬਰਮਾਂ ਨੂੰ ਸਹੀ ਕਰਨ ਦੀ ਮੰਗ ਕੀਤੀ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸੰਗੀਤ ਕੁਮਾਰ ਨੇ ਕਿਹਾ ਕਿ ਪੁੱਟੇ ਬਰਮਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਬੰਦ ਹੋਣ ਕਾਰਨ ਕੰਮ ਰੁਕਿਆ ਹੋਇਆ ਹੈ ਪਰ ਫਿਰ ਵੀ ਉਨ੍ਹਾਂ ਵੱਲੋਂ ਠੇਕੇਦਾਰ ਨੂੰ ਇਹ ਕੰਮ ਛੇਤੀ ਨੇਪਰੇ ਚਾੜ੍ਹਨ ਲਈ ਕਿਹਾ ਗਿਆ ਹੈ।