ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 20 ਸਤੰਬਰ
ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਫ਼ਰਾਰ ਹੋਏ ਜੀਬੀਪੀ ਗਰੁੱਪ ਦੇ ਬਿਲਡਰ ਭਰਾਵਾਂ ਦੇ ਬੰਦ ਘਰਾਂ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਅੱਜ ਤੜਕੇ ਵੀ ਚਾਰ ਭਰਾਵਾਂ ਵਿੱਚੋਂ ਇਕ ਦੇ ਘਰ ’ਚ ਇਕ ਅਣਪਛਾਤਾ ਵਿਅਕਤੀ ਕੁਝ ਸਾਮਾਨ ਚੋਰੀ ਕਰ ਫ਼ਰਾਰ ਹੁੰਦਾ ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਜੀਬੀਪੀ ਗਰੁੱਪ ਦੇ ਬਿਲਡਰ ਸਤੀਸ਼ ਗੁਪਤਾ, ਰਮਨ ਗੁਪਤਾ ਅਤੇ ਪ੍ਰਦੀਪ ਗੁਪਤਾ ਤਿੰਨੇ ਭਰਾ ਲੰਘੇ ਸਮੇਂ ਦੌਰਾਨ ਲੋਕਾਂ ਨਾਲ ਕਰੋੜਾਂ ਰੁਪਏ ਠੱਗੀ ਮਾਰ ਵਿਦੇਸ਼ ਫ਼ਰਾਰ ਹੋ ਗਏ। ਉਨ੍ਹਾਂ ਖ਼ਿਲਾਫ਼ ਵੱਖ ਵੱਖ ਨਿਵੇਸ਼ਕਾਂ ਦੇ ਦਰਜਨਾਂ ਧੋਖਾਧੜੀ ਦੇ ਕੇਸ ਦਰਜ ਹਨ। ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਈਡੀ ਕਰ ਰਹੀ ਹੈ। ਇਨ੍ਹਾਂ ਬਿਲਡਰ ਚਾਰ ਭਰਾਵਾਂ ਦੀਆਂ ਕੋਠੀਆਂ ਡੇਰਾਬੱਸੀ ਦੇ ਸ਼ਕਤੀ ਨਗਰ ਵਿੱਚ ਸਥਿਤ ਹਨ, ਜੋ ਉਨ੍ਹਾਂ ਦੇ ਫ਼ਰਾਰ ਹੋਣ ਤੋਂ ਬਾਅਦ ਹੀ ਬੰਦ ਪਈਆਂ ਹਨ ਤੇ ਇਨ੍ਹਾਂ ਵਿੱਚੋਂ ਲਗਾਤਾਰ ਸਾਮਾਨ ਚੋਰੀ ਹੋ ਰਿਹਾ ਹੈ। ਗੁਆਂਢੀਆਂ ਨੇ ਦੱਸਿਆ ਕਿ ਕੋਠੀਆਂ ’ਚੋਂ ਜ਼ਰੂਰੀ ਦਸਤਾਵੇਜ ਕੱਢੇ ਜਾ ਰਹੇ ਹਨ। ਅੱਜ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਜਿਸ ਮੁਤਾਬਕ ਤੜਕੇ ਸਵਾ ਛੇ ਵਜੇ ਇਕ ਚੋਰੀ ਕੁਝ ਲਿਫ਼ਾਫੇ ਵਿੱਚ ਦਸਤਾਵੇਜ਼ ਚੋਰੀ ਕਰ ਲਿਜਾਂਦਾ ਦਿਖਾਈ ਦੇ ਰਿਹਾ ਹੈ। ਥਾਣਾ ਮੁਖੀ ਜਸਕੰਵਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਏਗੀ।