ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 23 ਫਰਵਰੀ
ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਬਣਾਈਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਅਤੇ ਉਸਾਰੀਆਂ ਕਰਨ ਵਾਲਿਆਂ ’ਤੇ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਸ਼ਿਕੰਜਾ ਕੱਸ ਦਿੱਤਾ ਹੈ। ਇਸ ਤਹਿਤ ਅੱਜ ਗਮਾਡਾ ਦੀ ਟੀਮ ਨੇ ਇੱਥੋਂ ਦੇ ਨੇੜਲੇ ਪਿੰਡਾਂ ਬਹਿਲੋਲਪੁਰ ਅਤੇ ਝਾਮਪੁਰ ਦੇ ਖੇਤਾਂ ਵਿੱਚ ਬਿਲਡਰਾਂ ਵੱਲੋਂ ਉਸਾਰੀਆਂ ਜਾ ਰਹੀਆਂ ਅਣਅਧਿਕਾਰਤ ਕਾਲੋਨੀਆਂ ਅਤੇ ਇਨ੍ਹਾਂ ਕਾਲੋਨੀਆਂ ਵਿੱਚ ਨਿਯਮਾਂ ਦੇ ਉਲਟ ਕੀਤੀਆਂ ਜਾ ਰਹੀਆਂ ਉਸਾਰੀਆਂ ਨੂੰ ਤਹਿਸ ਨਹਿਸ ਕੀਤਾ ਗਿਆ। ਇਸ ਕਾਰਵਾਈ ਨੂੰ ਐੱਸਡੀਓ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ।
ਜਾਣਕਾਰੀ ਅਨੁਸਾਰ ਇਨ੍ਹਾਂ ਥਾਵਾਂ ’ਤੇ ਉਸਾਰੀ ਅਧੀਨ ਅਣਅਧਿਕਾਰਤ ਕਾਲੋਨੀਆਂ ਵਿੱਚ ਕਾਫ਼ੀ ਪਲਾਟਾਂ ’ਤੇ ਕੀਤੀਆਂ ਜਾ ਰਹੀਆਂ ਉਸਾਰੀਆਂ ਨੂੰ ਅੱਜ ਜੇਸੀਬੀ ਮਸ਼ੀਨ ਨਾਲ ਢਾਹ ਦਿੱਤਾ। ਇਹੀ ਨਹੀਂ ਬਿਲਡਰਾਂ ਵੱਲੋਂ ਕਾਲੋਨੀਆਂ ਵਿੱਚ ਬਣਾਈਆਂ ਗਈਆਂ ਆਰਜ਼ੀ ਸੜਕਾਂ ’ਤੇ ਆਵਾਜਾਈ ਰੋਕਣ ਲਈ ਸੜਕ ਵਿੱਚ ਡੂੰਘੇ ਖੁੱਡੇ ਪੁੱਟ ਦਿੱਤੇ ਗਏ ਹਨ।
ਐੱਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗਮਾਡਾ ਦਫ਼ਤਰ ਵਿੱਚ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਕਤ ਪਿੰਡਾਂ ਵਿੱਚ ਕੁਝ ਬਿਲਡਰਾਂ ਵੱਲੋਂ ਖੇਤੀਬਾੜੀ ਯੋਗ ਜ਼ਮੀਨ ਨੂੰ ਸਸਤੇ ਭਾਅ ਵਿੱਚ ਖ਼ਰੀਦ ਕੇ ਉੱਥੇ ਨਾਜਾਇਜ਼ ਕਲੋਨੀਆਂ ਉਸਾਰੀਆਂ ਜਾ ਰਹੀਆਂ ਹਨ। ਬਿਲਡਰ ਭੋਲੇ ਭਾਲੇ ਲੋਕਾਂ ਨੂੰ ਸਸਤੇ ਪਲਾਟ ਦਾ ਲਾਲਚ ਦੇ ਕੇ ਲੱਖਾਂ ਰੁਪਏ ਕਮਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਬਹਿਲੋਲਪੁਰ ਅਤੇ ਝਾਮਪੁਰ ਵਿੱਚ ਨਾਜਾਇਜ਼ ਕਾਲੋਨੀਆਂ ’ਤੇ ਬੁਲਡੋਜ਼ਰ ਚਲਾਇਆ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਕਾਰਵਾਈ ਜਾਰੀ ਰਹੇਗੀ।