ਪੱਤਰ ਪ੍ਰੇਰਕ
ਬਨੂੜ, 2 ਫਰਵਰੀ
ਥਾਣਾ ਬਨੂੜ ਦੀ ਪੁਲੀਸ ਨੇ ਪਿੰਡ ਬੁੱਢਣਪੁਰ ਦੇ ਕਾਂਗਰਸ ਪਾਰਟੀ ਨਾਲ ਸਬੰਧਿਤ ਕਾਰਕੁਨ ਜਸਪਾਲ ਸਿੰਘ ਅਤੇ ਉਸ ਦੇ ਦਰਜਨ ਤੋਂ ਵੱਧ ਅਣਪਛਾਤੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਹੈ। ਪੁਲੀਸ ਵੱਲੋਂ ਇਹ ਪਰਚਾ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿੱਚ ਜ਼ੇਰੇ ਇਲਾਜ ਨੌਜਵਾਨ ਅਜੋਧ ਸਿੰਘ ਪੁੱਤਰ ਹਰਦੀਪ ਸਿੰਘ ਦੇ ਬਿਆਨਾਂ ਉੱਤੇ ਕੀਤਾ ਗਿਆ ਹੈ।
ਪੀੜਤ ਨੌਜਵਾਨ ਵੱਲੋਂ ਕਾਂਗਰਸੀ ਕਾਰਕੁਨ ਅਤੇ ਉਸ ਦੇ ਸਾਥੀਆਂ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਘਟਨਾ ਵਿੱਚ ਦੋ ਹੋਰ ਨੌਜਵਾਨਾਂ ਨੂੰ ਵੀ ਸੱਟਾਂ ਵੱਜੀਆਂ ਸਨ। ਪੁਲੀਸ ਵੱਲੋਂ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪਿੰਡਾਂ ਦੀਆਂ ਗਲੀਆਂ ਨੇੜਲੇ ਘਰਾਂ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਵੀ ਵੇਖੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਕਈਂ ਹਮਲਾਵਰਾਂ ਦੀ ਪਛਾਣ ਵੀ ਕਰ ਲਈ ਹੈ। ਥਾਣਾ ਬਨੂੜ ਦੇ ਮੁਖੀ ਗੁਰਚਰਨ ਸਿੰਘ ਨੇ ਜਸਪਾਲ ਸਿੰਘ ਉੱਤੇ ਪਰਚਾ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਬੰਧਿਤ ਵਿਅਕਤੀ ਹਸਪਤਾਲ ਵਿੱਚ ਦਾਖਲ ਹੈ ਤੇ ਉਸ ਨੂੰ ਛੁੱਟੀ ਹੁੰਦਿਆਂ ਹੀ ਗ੍ਰਿਫ਼ਤਾਰ ਕਰਕੇ ਉਸ ਦੇ ਸਾਥੀਆਂ ਦੀ ਸ਼ਨਾਖ਼ਤ ਯਕੀਨੀ ਬਣਾਈ ਜਾਵੇਗੀ। ਇਸੇ ਦੌਰਾਨ ਕਾਂਗਰਸੀ ਕਾਰਕੁਨ ਜਸਪਾਲ ਸਿੰਘ ਨੇ ਕਿਹਾ ਕਿ ਆਪ ਵਰਕਰਾਂ ਨੇ ਉਸ ਉੱਤੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਦੇ ਸੱਟਾਂ ਵੀ ਵੱਜੀਆਂ ਹਨ।