ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 18 ਜਨਂਵਰੀ
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਲੀਡਰਸ਼ਿਪ ਨੇ ਮੁਹਾਲੀ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ ਦੀ ਚੋਣ ਮੁਹਿੰਮ ਦੀ ਕਮਾਂਡ ਆਪਣੇ ਹੱਥਾਂ ਵਿੱਚ ਲੈ ਕੇ ਅੱਜ ਵੱਖ-ਵੱਖ ਕਲੋਨੀਆਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਬਸਪਾ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨਨਹੇੜੀਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਚੱਪੜਚਿੜੀ ਨੇ ਕਲੋਨੀਆਂ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਇਸ ਮੌਕੇ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ ਨੇ ਸ਼ਹੀਦ ਊਧਮ ਸਿੰਘ ਕਲੋਨੀ, ਗੁਰੂ ਨਾਨਕ ਕਲੋਨੀ, ਅਮਰ ਕਲੋਨੀ ਸਮੇਤ ਹੋਰਨਾਂ ਝੁੱਗੀਆਂ ਝੌਪੜੀਆਂ ਦਾ ਦੌਰਾ ਕਰ ਕੇ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਉਨ੍ਹਾਂ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਯੂਥ ਵਿੰਗ ਮੁਹਾਲੀ ਦੇ ਪ੍ਰਧਾਨ ਕੈਪਟਨ ਰਮਨਦੀਪ ਸਿੰਘ ਬਾਵਾ, ਸੋਨੀ ਬੜੀ, ਕੁਲਦੀਪ ਸਿੰਘ ਬੈਂਰੋਪੁਰ, ਸ਼ਹੀਦ ਊਧਮ ਸਿੰਘ ਕਲੋਨੀ ਦੇ ਪ੍ਰਧਾਨ ਬੇਕ ਸਿੰਘ ਮੌਜੂਦ ਸਨ।
ਅਮਲੋਹ (ਪੱਤਰ ਪ੍ਰੇਰਕ): ਅਕਾਲੀ-ਬਸਪਾ ਦੇ ਅਮਲੋਹ ਹਲਕੇ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਰਕਲ ਅਮਲੋਹ ਦਿਹਾਤੀ ਦੇ ਪਿੰਡ ਸੌਂਟੀ, ਅੰਨੀਆਂ, ਭੋਲੀਆਂ, ਨਰੈਣਗੜ੍ਹ, ਹੈਬਤਪੁਰ, ਗੁਰਧਨਪੁਰ, ਰੰਘੇੜੀ, ਝੰਬਾਲਾ, ਭਗਵਾਨਪੁਰਾ ਅਤੇ ਭੱਦਲਥੂਹਾ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਵੋਟਾਂ ਦੀ ਅਪੀਲ ਕੀਤੀ। ਇਸ ਮੌਕੇ ਕਾਂਗਰਸ ਉਮੀਦਵਾਰ ਦੀ ਅਲੋਚਨਾ ਕਰਦਿਆ ਉਨ੍ਹਾਂ ਕਿਹਾ ਕਿ 10 ਸਾਲ ਤੋਂ ਇਸ ਹਲਕੇ ਵਿਚ ਵਿਧਾਇਕ ਰਹਿਣ ਦੇ ਬਾਵਜੂਦ ਉਸ ਨੇ ਕੋਈ ਵੀ ਵੱਡਾ ਪ੍ਰਾਜੈਕਟ ਹਲਕੇ ਵਿਚ ਨਹੀਂ ਲਿਆਦਾ ਅਤੇ ਨਾ ਹੀ ਲੋਕਾਂ ਦੇ ਦੁਖ-ਸੁੱਖ ਵਿਚ ਭਾਈਵਾਲ ਹੀ ਹੋਇਆ ਹੈ। ਇਨ੍ਹਾਂ ਪਿੰਡਾਂ ਵਿਚ ਇਕੱਤਰਤਾਵਾਂ ਨੂੰ ਜਥੇਦਾਰ ਹਰਬੰਸ ਸਿੰਘ ਬਡਾਲੀ, ਸ਼੍ਰੋਮਣੀ ਕਮੇਟੀ ਮੈਬਰ ਰਵਿੰਦਰ ਸਿੰਘ ਖਾਲਸਾ, ਕਰਮਜੀਤ ਸਿੰਘ ਭਗੜਾਣਾ, ਕੁਲਦੀਪ ਸਿੰਘ ਮੁਢੜੀਆਂ, ਕੈਪਟਨ ਜਸਵੰਤ ਸਿੰਘ ਬਾਜਵਾ, ਪਰਮਜੀਤ ਸਿੰਘ ਖਨਿਆਣ ਨੇ ਸੰਬੋਧਨ ਕੀਤਾ। ਪਿੰਡਾਂ ਵਿਚ ਯੂਥ ਅਕਾਲੀ ਦਲ ਅਤੇ ਐੱਸਓਆਈ ਦੇ ਨੌਜਵਾਨਾਂ ਵੱਲੋਂ ਮੋਟਰਸਾਇਕਲਾਂ ਦੇ ਕਾਫ਼ਲਿਆਂ ਨਾਲ ਸਵਾਗਤ ਕਰਦੇ ਹੋਏ ਮੀਟਿੰਗਾਂ ਵਾਲੀਆਂ ਥਾਵਾਂ ’ਤੇ ਲਿਜਾਇਆ ਗਿਆ।
ਅਕਾਲੀ-ਬਸਪਾ ਉਮੀਦਵਾਰ ਵਲੋਂ ਚੋਣ ਪ੍ਰਚਾਰ ਤੇਜ਼ ਕਰਨ ਲਈ ਮੀਟਿੰਗ
ਕੁਰਾਲੀ (ਪੱਤਰ ਪ੍ਰੇਰਕ):ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰਨ ਲਈ ਮੁੱਖ ਦਫ਼ਤਰ ਕੁਰਾਲੀ ਵਿੱਚ ਕੌਂਸਲਰਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾ ਵਰਕਰਾਂ ਤੇ ਕੌਂਸਲਰਾਂ ਨੂੰ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਪ੍ਰਤੀ ਜਾਗ੍ਰਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸੇ ਦੌਰਾਨ ਪਿੰਡ ਧਗਤਾਣਾ ਵਿੱਚ ਵਰਕਿੰਗ ਕਮੇਟੀ ਮੈਂਬਰ ਮਨਜੀਤ ਸਿੰਘ ਮੁੰਧੋਂ ਅਤੇ ਨਰਿੰਦਰ ਸਿੰਘ ਨੇ ਸ੍ਰੀ ਗਿੱਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।