ਪੱਤਰ ਪ੍ਰੇਰਕ
ਕੁਰਾਲੀ, 18 ਜੁਲਾਈ
ਸ਼ਹਿਰ ਦੀ ਹੱਦ ਅੰਦਰ ਅੱਜ ਦੇਰ ਸ਼ਾਮ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਉਸਦਾ ਜੀਜਾ ਦੱਸਿਆ ਜਾਂਦਾ ਹੈ ਜਿਸ ਨਾਲ ਉਸਦੀ ਭੈਣ ਦਾ ਝਗੜਾ ਚੱਲਦਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਰਤਨਗੜ੍ਹ ਸਿੰਬਲ ਦਾ ਚੰਨਪ੍ਰੀਤ ਸਿੰਘ ਆਪਣੀ ਭੈਣ ਨਰਿੰਦਰ ਕੌਰ ਨਾਲ ਸ਼ਹਿਰ ਖਰੀਦਦਾਰੀ ਕਰਨ ਲਈ ਆਇਆ ਸੀ। ਇਸੇ ਦੌਰਾਨ ਜਦੋਂ ਉਹ ਦੋਵੇਂ ਸ਼ਹਿਰ ਦੇ ਸਿਵਲ ਹਸਪਤਾਲ ਦੇ ਸਾਹਮਣੇ ਦੁਕਾਨ ’ਤੇ ਕੁਝ ਸਾਮਾਨ ਖਰੀਦਣ ਲਈ ਰੁਕੇ ਤਾਂ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਚੰਨਪ੍ਰੀਤ ’ਤੇ ਕਈ ਵਾਰ ਕੀਤੇ ਜਿਸ ਕਾਰਨ ਉਸਦੀ ਮੌਕੇ ’ਤੇ ਮੌਤ ਹੋ ਗਈ। ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਹਮਲਾਵਰ ਕਾਰ ਵਿੱਚ ਆਇਆ ਸੀ ਜੋ ਮੋਟਰਸਾਈਕਲ ’ਤੇ ਖਰੀਦਦਾਰੀ ਕਰਨ ਆਏ ਭੈਣ-ਭਰਾ ਦਾ ਪਹਿਲਾਂ ਹੀ ਪਿੱਛਾ ਕਰਦਾ ਆ ਰਿਹਾ ਸੀ।
ਚੰਨਪ੍ਰੀਤ ਦੇ ਨਾਲ ਖਰੀਦਦਾਰੀ ਕਰਨ ਲਈ ਆਈ ਉਸਦੀ ਭੈਣ ਨਰਿੰਦਰ ਕੌਰ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਉਸ ਦਾ ਪਤੀ ਸਿਮਰਨਜੀਤ ਸਿੰਘ ਹੈ ਜਿਸ ਨਾਲ ਉਸਦਾ ਪਰਿਵਾਰਕ ਝਗੜਾ ਚੱਲ ਰਿਹਾ ਹੈ ਅਤੇ ਉਹ ਸਹੁਰਾ ਪਰਿਵਾਰ ਛੱਡ ਕੇ ਆਪਣੇ ਪੇਕੇ ਵੱਖਰੇ ਤੌਰ ’ਤੇ ਰਹਿ ਰਹੀ ਹੈ। ਨਰਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਵੱਲੋਂ ਉਸਨੂੰ ਕੁਝ ਸਮਾਂ ਪਹਿਲਾਂ ਧਮਕੀ ਵੀ ਦਿੱਤੀ ਗਈ ਸੀ ਕਿ ਉਹ ਉਸਦੇ ਭਰਾ ਨੂੰ ਮਾਰ ਦੇਵੇਗਾ।
ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੀ ਐੱਸਐੱਚਓ ਸੁਖਦੀਪ ਕੌਰ ਮੌਕੇ ’ਤੇ ਪੁੱਜੇ। ਉਨ੍ਹਾਂ ਘਟਨਾ ਸਬੰਧੀ ਜਾਂਚ ਕਰਦਿਆਂ ਮੌਕੇ ਤੋਂ ਜਾਣਕਾਰੀ ਇਕੱਤਰ ਕੀਤੀ। ਇਸ ਸਬੰਧੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰ ਦੀ ਪੈੜ ਨੱਪਣ ਲਈ ਕਾਰਵਾਈ ਆਰੰਭ ਕਰ ਦਿੱਤੀ ਹੈ।