ਆਤਿਸ਼ ਗੁਪਤਾ
ਚੰਡੀਗੜ੍ਹ, 25 ਮਈ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਘਟਣ ਮਗਰੋਂ ਯੂਟੀ ਪ੍ਰਸ਼ਾਸਨ ਨੇ ਵਪਾਰੀ ਵਰਗ ਨੂੰ ਕੁਝ ਰਾਹਤ ਦਿੱਤੀ ਹੈ ਜਿਸ ਦੇ ਚਲਦਿਆਂ ਅੱਜ ਸ਼ਹਿਰ ਦੇ ਬਾਜ਼ਾਰਾਂ ਵਿੱਚ ਤਿੰਨ ਹਫ਼ਤੇ ਬਾਅਦ ਰੌਣਕਾਂ ਦਿਖਾਈ ਦਿੱਤੀਆਂ। ਦੁਕਾਨਾਂ ਤਾਂ ਸਵੇਰੇ ਹੀ ਖੁੱਲ੍ਹ ਗਈਆਂ ਪਰ ਦੁਕਾਨਾਂ ’ਤੇ ਗਾਹਕ ਘੱਟ ਦਿਖਾਈ ਦਿੱਤੇ। ਗਾਹਕੀ ਘੱਟ ਹੋਣ ਕਰਕੇ ਦੁਕਾਨਦਾਰਾਂ ਦੇ ਚਹਿਰਿਆਂ ’ਤੇ ਉਦਾਸੀ ਜ਼ਰੂਰ ਸੀ ਪਰ ਦੁਕਾਨਾਂ ਖੁੱਲ੍ਹਣ ਕਾਰਨ ਉਨ੍ਹਾਂ ਰਾਹਤ ਵੀ ਮਹਿਸੂਸ ਕੀਤੀ।
ਬਾਜ਼ਾਰਾਂ ਦੇ ਨਾਲ-ਨਾਲ ਸ਼ਹਿਰ ਵਿਚਲੇ ਸੰਪਰਕ ਸੈਂਟਰ ਵੀ ਪ੍ਰਸ਼ਾਸਨ ਵੱਲੋਂ ਤਿੰਨ ਹਫ਼ਤਿਆਂ ਤੋਂ ਬੰਦ ਕੀਤੇ ਹੋਏ ਸਨ ਜਿਸ ਕਰਕੇ ਸੰਪਰਕ ਸੈਂਟਰ ਰਾਹੀਂ ਹੋਣ ਵਾਲੇ ਲੋਕਾਂ ਦੇ ਸਾਰੇ ਕੰਮ-ਕਾਜ ਰੁਕੇ ਪਏ ਸਨ। ਸੰਪਰਕ ਸੈਂਟਰ ਖੁੱਲ੍ਹਦੇ ਸਾਰ ਅੱਜ ਇਥੇ ਲੋਕਾਂ ਦੀ ਭੀੜ ਲੱਗ ਗਈ। ਲੋਕ ਆਪਣੇ ਰੁਕੇ ਹੋਏ ਕੰਮ-ਕਾਮ ਕਰਵਾਉਣ ਲਈ ਸੰਪਰਕ ਸੈਂਟਰਾਂ ’ਚ ਪਹੁੰਚੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿਰਫ਼ ਸ਼ਹਿਰ ਦੇ ਸੈਕਟਰ-17 ਅਤੇ 43 ਵਾਲੇ ਸੰਪਰਕ ਸੈਂਟਰ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਜਿੱਥੇ ਲੋਕਾਂ ਦੇ ਭਾਰੀ ਭੀੜ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਸਾਰੇ ਸੰਪਰਕ ਸੈਂਟਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਜੋ ਕਿ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ।
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਦੇ ਨਾਲ ਹੀ ਹੋਟਲ ਅਤੇ ਰੈਸਟੋਰੈਂਟ ’ਤੇ ਬਿਠਾ ਕੇ ਖਵਾਉਣ ਦੀ ਪਾਬੰਦੀ ਦਾ ਫੈਸਲਾ ਪਹਿਲਾਂ ਵਾਲਾ ਹੀ ਹੈ ਜਦਕਿ ਹੋਮ ਡਲਿਵਰੀ ਰਾਤ 10 ਵਜੇ ਜਾਰੀ ਰਹੇਗੀ। ਸੈਕਟਰ-18 ਦੀ ਇਲੈਕਟ੍ਰੋਨਿਕ ਮਾਰਕੀਟ ਦੇ ਦੁਕਾਨਦਾਰ ਦੀਪਕ ਕੁਮਾਰ ਨੇ ਪ੍ਰਸ਼ਾਸਨ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਵੇਰੇ 9 ਵਜੇ ਦੀ ਦੁਕਾਨ ਖੋਲ੍ਹੀ ਹੋਈ ਹੈ ਪਰ ਦੁਪਹਿਰ 12 ਵਜੇ ਤੱਕ ਕੋਈ ਗਾਹਕ ਨਹੀਂ ਆਇਆ ਹੈ। ਸੈਕਟਰ-22 ਵਿੱਚ ਕੱਪੜਾ ਵਪਾਰੀਆਂ ਦੀ ਦੁਕਾਨ ’ਤੇ ਇੱਕਾ-ਦੁੱਕਾ ਗਾਹਕ ਖਰੀਦਦਾਰੀ ਕਰਦੇ ਦਿਖਾਈ ਦਿੱਤੇ ਹਨ। ਪ੍ਰਸ਼ਾਸਨ ਨੇ ਸ਼ਹਿਰ ਵਿੱਚ ਦੁਕਾਨਾਂ ਖੋਲ੍ਹਣ ਦੀ ਭਾਵੇਂ ਪ੍ਰਵਾਨਗੀ ਦੇ ਦਿੱਤੀ ਹੈ ਪਰ ਉਨ੍ਹਾਂ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਪਾਲਣਾ ਅਤੇ ਹਰ ਕਿਸੇ ਵੱਲੋਂ ਮਾਸਕ ਦੀ ਵਰਤੋਂ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਹੀ ਦੁਕਾਨ ਦੇ ਆਲੇ-ਦੁਆਲੇ ਸੈਨੀਟਾਈਜ਼ੇਸ਼ਨ ਕਰਨੀ ਹੋਵੇਗੀ। ਇਸ ਕਰਕੇ ਪਹਿਲੇ ਦਿਨ ਜ਼ਿਆਦਾਤਰ ਦੁਕਾਨਦਾਰ ਬਾਜ਼ਾਰਾਂ ਵਿੱਚ ਸੈਨੀਟਾਈਜ਼ੇਸ਼ਨ ਕਰਦੇ ਰਹੇ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਪਹੁੰਚ ਕੇ ਆਦੇਸ਼ਾਂ ਦਾ ਪਾਲਣਾ ਦੀ ਜਾਂਚ ਕੀਤੀ।