ਆਤਿਸ਼ ਗੁਪਤਾ
ਚੰਡੀਗੜ੍ਹ, 30 ਜੂਨ
ਚੰਡੀਗੜ੍ਹ ਸੀਬੀਆਈ ਦੀ ਟੀਮ ਨੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਥਾਣਾ ਮਨੀਮਾਜਰਾ ਦੀ ਐੱਸਐਚਓ ਜਸਵਿੰਦਰ ਕੌਰ ਅਤੇ ਭਗਵਾਨ ਸਿੰਘ ਨਾਂ ਦੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਸੀਬੀਆਈ ਨੇ ਇਹ ਕਾਰਵਾਈ ਮਨੀਮਾਜਰਾ ਵਿੱਚ ਰਹਿਣ ਵਾਲੇ ਗੁਰਦੀਪ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਹੈ ਜਿਸ ਦਾ ਕਹਿਣਾ ਸੀ ਕਿ ਥਾਣਾ ਮਨੀਮਾਜਰਾ ਦੀ ਐੱਸਐਚਓ ਜਸਵਿੰਦਰ ਕੌਰ ਨੇ ਉਸ ਨੂੰ ਕਿਹਾ ਕਿ ਰਣਧੀਰ ਸਿੰਘ ਨਾਂ ਦੇ ਵਿਅਕਤੀ ਨੇ ਉਸ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ ਕਿ ਗੁਰਦੀਪ ਸਿੰਘ ਨੇ ਰਣਧੀਰ ਸਿੰਘ ਦੀ ਪਤਨੀ ਨੂੰ ਨੌਕਰੀ ਲਗਵਾਉਣ ਦੇ ਨਾਂ ’ਤੇ 15 ਲੱਖ ਰੁਪਏ ਲਏ ਹਨ। ਇਸ ਸਬੰਧੀ ਉਸ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਰਹੀ ਹੈ। ਇਸ ਕੇਸ ਨੂੰ ਦਰਜ ਨਾ ਕਰਨ ਬਦਲੇ ਥਾਣਾ ਮੁਖੀ ਨੇ ਕਥਿਤ ਤੌਰ ’ਤੇ ਉਸ ਤੋਂ 5 ਲੱਖ ਰੁਪਏ ਦੀ ਮੰਗ ਕੀਤੀ।
ਸੀਬੀਆਈ ਨੇ ਉਕਤ ਸ਼ਿਕਾਇਤ ਦੀ ਜਾਂਚ ਕਰਦਿਆਂ ਲੰਘੀ ਰਾਤ ਇਕ ਵਿਅਕਤੀ ਨੂੰ ਇਕ ਲੱਖ ਰੁਪਏ ਲੈਂਦੇ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਭਗਵਾਨ ਸਿੰਘ ਨੂੰ ਥਾਣਾ ਮੁਖੀ ਨੇ ਭੇਜਿਆ ਹੈ। ਸੀਬੀਆਈ ਨੇ ਥਾਣਾ ਮਨੀਮਾਜਰਾ ਦੀ ਐੱਸਐਚਓ ਜਸਵਿੰਦਰ ਕੌਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦਾ ਘਰ ਅਤੇ ਦਫ਼ਤਰ ਵਿੱਚ ਜਾਂਚ ਕੀਤੀ ਗਈ। ਸੀਬੀਆਈ ਦੀ ਇਸ ਕਾਰਵਾਈ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਥਾਣਾ ਮਨੀਮਾਜਰਾ ਦੀ ਐੱਸਐਚਓ ਜਸਵਿੰਦਰ ਕੌਰ ਨੂੰ ਪੁਲੀਸ ਲਾਈਨ ਵਿੱਚ ਟਰਾਂਸਫਰ ਕਰ ਦਿੱਤਾ ਹੈ।