ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 1 ਅਪਰੈਲ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਓਮੈਕਸ ਟਾਵਰ ਪਾਰਕਿੰਗ ਏਰੀਆ ’ਚੋਂ ਗ੍ਰਿਫ਼ਤਾਰ ਜੰਗਲਾਤ ਵਿਭਾਗ ਦੇ ਵਣ ਗਾਰਡ ਰਣਜੀਤ ਖਾਨ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਹ ਮੁਹਾਲੀ ਜ਼ਿਲ੍ਹੇ ਦੀ ਸਬ ਤਹਿਸੀਲ ਮਾਜਰੀ ਵਿੱਚ ਤਾਇਨਾਤ ਸੀ। ਬੀਤੇ ਦਿਨੀਂ ਵਿਜੀਲੈਂਸ ਦੇ ਸੀਨੀਅਰ ਇੰਸਪੈਕਟਰ ਇੰਦਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਸ ਨੂੰ ਆਪਣੇ ਸੀਨੀਅਰ ਬਲਾਕ ਅਫ਼ਸਰ ਬਲਦੇਵ ਸਿੰਘ ਦੀ ਤਰਫ਼ੋਂ ਸਾਢੇ 4 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈਪੀਸੀ ਦੀ ਧਾਰਾ 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜੇਕਰ ਵਣ ਵਿਭਾਗ ਦੇ ਕਿਸੇ ਹੋਰ ਅਧਿਕਾਰੀ ਜਾਂ ਕਰਮਚਾਰੀ ਦੀ ਸ਼ੱਕੀ ਭੂਮਿਕਾ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਵੀ ਪੁੱਛਗਿੱਛ ਲਈ ਵਿਜੀਲੈਂਸ ਥਾਣੇ ਵਿੱਚ ਤਲਬ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਿਰਜ਼ਾਪੁਰ ਵਿੱਚ ਤਾਇਨਾਤ ਬਲਾਕ ਅਫ਼ਸਰ ਬਲਦੇਵ ਸਿੰਘ ਨੇ ਸ਼ਿਕਾਇਤਕਰਤਾ ਭੁਪਾਲ ਕੁਮਾਰ ਵਾਸੀ ਖਰੜ ਤੋਂ ਲੱਕੜ ਨੂੰ ਸਰਕਾਰੀ ਕੁਹਾੜੇ ਨਾਲ ਨਿਸ਼ਾਨ ਲਗਾਉਣ ਲਈ 5,50,000 ਰੁਪਏ ਦੀ ਮੰਗ ਕੀਤੀ ਸੀ।