ਆਤਿਸ਼ ਗੁਪਤਾ
ਚੰਡੀਗੜ੍ਹ, 29 ਜੁਲਾਈ
ਪੰਜ ਲੱਖ ਰੁਪਏ ਰਿਸ਼ਵਤ ਦੇ ਕਥਿਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਥਾਣਾ ਮਨੀਮਾਜਰਾ ਦੀ ਸਾਬਕਾ ਐੱਸਐੱਚਓ ਜਸਵਿੰਦਰ ਕੌਰ ਨੂੰ ਚਾਰ ਦਿਨਾਂ ਦੇ ਪੁਲੀਸ ਰਿਮਾਂਡ ਤੋਂ ਬਾਅਦ ਸੀਬੀਆਈ ਦੇ ਵਿਸ਼ੇਸ਼ ਜੱਜ ਡਾ. ਸੁਸ਼ੀਲ ਕੁਮਾਰ ਗਰਗ ਦੀ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਬਕਾ ਥਾਣਾ ਮੁਖੀ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਸ ਦੇ ਨਾਲ ਹੀ ਅਦਾਲਤ ਨੇ ਜਸਵਿੰਦਰ ਕੌਰ ਵੱਲੋਂ ਜੇਲ੍ਹ ਵਿੱਚ ਹੋਰਨਾਂ ਬੰਦਿਆਂ ਤੋਂ ਵੱਖ ਰੱਖਣ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਜਸਵਿੰਦਰ ਕੌਰ ਦੀ ਜੇਲ੍ਹ ਵਿੱਚ ਵੱਖ ਰੱਖਣ ਦੀ ਮੰਗ ਕੀਤੀ ਗਈ ਸੀ ਜਿਸ ਵਿੱਚ ਉਸ ਦਾ ਕਹਿਣਾ ਸੀ ਕਿ ਉਸ ਨੇ ਬਤੌਰ ਥਾਣਾ ਮੁਖੀ ਕਈ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ ਜੋ ਅੱਜ ਜੇਲ੍ਹ ਵਿੱਚ ਬੰਦ ਹਨ। ਅਰਜ਼ੀ ਵਿੱਚ ਉਸ ਨੇ ਜੇਲ੍ਹ ਦੇ ਬੰਦਿਆਂ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ। ਅਦਾਲਤ ਨੇ ਜਸਵਿੰਦਰ ਕੌਰ ਦੀ ਅਰਜ਼ੀ ਨੂੰ ਰੱਦ ਕਰਦਿਆਂ ਕਿਹਾ ਕਿ ਜੇਲ੍ਹ ਵਿੱਚ ਕਿਸੇ ਨੂੰ ਵੱਖ ਰੱਖ ਕੇ ਵਿਸ਼ੇਸ਼ ਸਹੁੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ। ਸੀਬੀਆਈ ਅਦਾਲਤ ਨੇ ਅੱਜ ਦੀ ਸੁਣਵਾਈ ਦੌਰਾਨ ਜਸਵਿੰਦਰ ਕੌਰ ਦੇ ਖ਼ਿਲਾਫ਼ ਸਾਲ 2017 ਦੇ ਕਥਿਤ ਰਿਸ਼ਵਤ ਮਾਮਲੇ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਲਈ ਡੀਆਈਜੀ ਨੇ ਇਕ ਹਫ਼ਤੇ ਦੇ ਸਮੇਂ ਦੀ ਮੰਗ ਕੀਤੀ। ਅਦਾਲਤ ਨੇ ਡੀਆਈਜੀ ਨੂੰ 4 ਅਗਸਤ ਤੱਕ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ।