ਆਤਿਸ਼ ਗੁਪਤਾ
ਚੰਡੀਗੜ੍ਹ, 11 ਅਗਸਤ
ਪੰਜ ਲੱਖ ਰੁਪਏ ਰਿਸ਼ਵਤ ਦੇ ਕਥਿਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਥਾਣਾ ਮਨੀਮਾਜਰਾ ਦੀ ਸਾਬਕਾ ਐੱਸਐੱਚਓ ਜਸਵਿੰਦਰ ਕੌਰ ਵੱਲੋਂ ਪੇਸ਼ਗੀ ਜ਼ਮਾਨਤ ਲਈ ਦਾਖਲ ਕੀਤੀ ਗਈ ਅਰਜ਼ੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਮਨਜ਼ੂਰ ਕਰ ਲਈ ਹੈ। ਜਸਵਿੰਦਰ ਕੌਰ ਨੇ 13 ਤੋਂ 15 ਅਗਸਤ ਤੱਕ ਪੇਸ਼ਗੀ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਅਦਾਲਤ ਵੱਲੋਂ ਸਿਰਫ਼ 14 ਅਗਸਤ ਨੂੰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਦੀ ਜ਼ਮਾਨਤ ਦਿੱਤੀ ਗਈ ਅਤੇ ਇਸ ਦੌਰਾਨ ਜਸਵਿੰਦਰ ਕੌਰ ਨੂੰ ਪੁਲੀਸ ਦੀ ਨਿਗਰਾਨੀ ਹੇਠ ਰਹਿਣਾ ਪਵੇਗਾ।
ਜਸਵਿੰਦਰ ਕੌਰ ਨੇ ਆਪਣੇ ਵਕੀਲ ਤਰਮਿੰਦਰ ਰਾਹੀਂ ਅਦਾਲਤ ਵਿੱਚ ਪੇਸ਼ਗੀ ਜ਼ਮਾਨਤ ਲਈ ਅਰਜ਼ੀ ਦਾਖਲ ਕਰਦਿਆਂ ਮੰਗ ਕੀਤੀ ਸੀ ਕਿ ਉਸ ਦੇ ਲੜਕੇ ਦਾ ਵਿਆਹ 14 ਅਗਸਤ ਦਾ ਹੈ। ਵਿਆਹ ਸਮਾਗਮ ਵਿੱਚ ਕਈ ਰਸਮਾਂ ਕੇਵਲ ਮਾਂ ਹੀ ਪੁੂਰੀਆਂ ਕਰ ਸਕਦੀ ਹੈ, ਇਸ ਲਈ ਜਸਵਿੰਦਰ ਕੌਰ ਨੇ 13 ਤੋਂ 15 ਅਗਸਤ ਤੱਕ ਪੇਸ਼ਗੀ ਜ਼ਮਾਨਤ ਦੀ ਮੰਗ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਉਹ ਥਾਣਾ ਮਨੀਮਾਜਰਾ ਵੱਲ ਨਹੀਂ ਜਾਵੇਗੀ ਅਤੇ ਕਿਸੇ ਸਬੂਤ ਜਾਂ ਗਵਾਹ ਨਾਲ ਛੇੜਛਾੜ ਨਹੀਂ ਕਰੇਗੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਬਕਾ ਥਾਣਾ ਮੁਖੀ ਨੂੰ ਇਕ ਦਿਨ ਦੀ ਜ਼ਮਾਨਤ ਦਿੱਤੀ ਹੈ।