ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 6 ਮਈ
ਵਿਜੀਲੈਂਸ ਬਿਊਰੋ ਦੀ ਸਥਾਨਕ ਇਕਾਈ ਨੇ ਸਹਾਇਕ ਲਾਈਨਮੈਨ ਨੂੰ ਕਥਿਤ ਤੌਰ ’ਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਬਿਊਰੋ ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਜਸਪਾਲ ਸਿੰਘ ਵਾਸੀ ਜੱਟਪੁਰਾ ਮੁਹੱਲਾ ਸਰਹਿੰਦ ਨੇ ਸ਼ਿਕਾਇਤ ਕੀਤੀ ਕਿ ਪਾਵਰਕੌਮ ਦੇ ਸਰਹਿੰਦ ਦਫ਼ਤਰ ’ਚ ਤੈਨਾਤ ਸਹਾਇਕ ਲਾਈਨਮੈਨ ਕੁਲਵਿੰਦਰ ਸਿੰਘ ਬਿਜਲੀ ਦਾ 2 ਕਿੱਲੋਵਾਟ ਦਾ ਮੀਟਰ ਲਾਉਣ ਲਈ ਰਿਸ਼ਵਤ ਮੰਗ ਰਿਹਾ ਹੈ। ਸਹਾਇਕ ਲਾਈਨਮੈਨ ਨੇ ਜਸਪਾਲ ਸਿੰਘ ਤੋਂ ਮੀਟਰ ਲਾਉਣ ਲਈ 2500 ਰੁਪਏ ਸਰਕਾਰੀ ਫੀਸ ਤੋਂ ਇਲਾਵਾ 3 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਮੰਗੀ। ਜਸਪਾਲ ਨੇ ਇਸ ਗੱਲਬਾਤ ਦੀ ਵੀਡੀਓ ਤੇ ਆਡੀਓ ਰਿਕਾਰਡ ਕਰ ਲਈ। ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਚੌਕਸੀ ਵਿਭਾਗ ਦੀ ਟੀਮ ਨੇ ਟਰੈਪ ਲਗਾਇਆ ਤੇ ਸਹਾਇਕ ਲਾਈਨਮੈਨ ਕੁਲਵਿੰਦਰ ਸਿੰਘ ਨੂੰ 5500 ਰੁਪਏ ਲੈਂਦਿਆਂ ਉਸ ਦੇ ਸਰਹਿੰਦ ਦਫਤਰ ’ਚੋਂ ਹੀ ਕਾਬੂ ਕਰ ਲਿਆ।
ਇਸ ਟੀਮ ਦੀ ਅਗਵਾਈ ਸਬ-ਇੰਸਪੈਕਟਰ ਹਰਪ੍ਰੀਤ ਕੌਰ ਕਰ ਰਹੇ ਸਨ ਅਤੇ ਦੂਜੇ ਮੈਂਬਰ ਏਐੱਸਆਈ ਬਲਜਿੰਦਰ ਸਿੰਘ, ਏਐੱਸਆਈ ਦਲਵਿੰਦਰ ਸਿੰਘ, ਰਣਵੀਰ ਸਿੰਘ, ਬਲਕਾਰ ਸਿੰਘ, ਅਜਮੇਰ ਸਿੰਘ ਅਤੇ ਸਰਕਾਰੀ ਗਵਾਹ ਹਰਬੰਤ ਸਿੰਘ ਅਤੇ ਜਸਵੀਰ ਸਿੰਘ ਅਤੇ ਮੁੱਦਈ ਜਸਪਾਲ ਸਿੰਘ ਦੇ ਜਾਣਕਾਰ ਕੁਮਾਰ ਗੌਰਵ ਦੀ ਹਾਜ਼ਰੀ ’ਚ ਸਹਾਇਕ ਲਾਈਨਮੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਸ਼ਨੀਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਸਹਾਇਕ ਲਾਈਮੈਨ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ਼ ਕੀਤਾ ਗਿਆ ਹੈ।