ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਗਸਤ
ਪੰਜ ਲੱਖ ਰੁਪਏ ਰਿਸ਼ਵਤ ਦੇ ਕਥਿਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਥਾਣਾ ਮਨੀਮਾਜਰਾ ਦੀ ਸਾਬਕਾ ਐੱਸਐੱਚਓ ਜਸਵਿੰਦਰ ਕੌਰ ਨੇ ਸੀਬੀਆਈ ਅਦਾਲਤ ਵਿੱਚ 13 ਅਗਸਤ ਤੋਂ 15 ਅਗਸਤ ਤੱਕ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਹੈ ਜਿਸ ਦੀ ਸੁਣਵਾਈ ਲਈ ਅਦਾਲਤ ਨੇ ਸੀਬੀਆਈ ਨੂੰ 10 ਅਗਸਤ ਸੋਮਵਾਰ ਲਈ ਨੋਟਿਸ ਜਾਰੀ ਕਰਦਿਆਂ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਹਨ।
ਸਾਬਕਾ ਥਾਣਾ ਮੁਖੀ ਨੇ ਅਰਜ਼ੀ ਵਿੱਚ ਕਿਹਾ ਕਿ 14 ਅਗਸਤ ਨੂੰ ਉਸ ਦੇ ਲੜਕੇ ਦਾ ਵਿਆਹ ਹੈ ਅਤੇ ਵਿਆਹ ਵਿੱਚ ਕੁਝ ਰਸਮਾਂ ਮਾਂ ਹੋਣ ਦੇ ਨਾਤੇ ਉਹ ਹੀ ਪੁੂਰੀਆਂ ਕਰ ਸਕਦੀ ਹੈ। ਉਸ ਨੇ ਅਦਾਲਤ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਦੌਰਾਨ ਉਹ ਨਾ ਤਾਂ ਥਾਣਾ ਮਨੀਮਾਜਰਾ ਜਾਵੇਗੀ ਅਤੇ ਨਾ ਹੀ ਕਿਸੇ ਗਵਾਹ ਜਾਂ ਸਬੂਤ ਨਾਲ ਛੇੜਛਾੜ ਕਰੇਗੀ।
ਜਸਵਿੰਦਰ ਕੌਰ ਨੇ ਸਿਰਫ਼ ਵਿਆਹ ਸਮਾਗਮ ਲਈ 13 ਤੋਂ 15 ਅਗਸਤ ਤੱਕ ਦੀ ਜ਼ਮਾਨਤ ਦੀ ਮੰਗ ਕੀਤੀ। ਇਸ ਦੇ ਨਾਲ ਹੀ ਜਸਵਿੰਦਰ ਕੌਰ ਨੇ ਅਦਾਲਤ ਵਿੱਚ ਇਕ ਹੋਰ ਅਰਜ਼ੀ ਦਾਖਲ ਕਰਕੇ ਥਾਣਾ ਮਨੀਮਾਜਰਾ ਦੀ 30 ਜੂਨ ਦੀ ਸੀਸੀਟੀਵੀ ਫੁਟੇਜ ਦੇਣ ਦੀ ਮੰਗ ਕੀਤੀ ਜਿਸ ਦੀ ਕੇਸ ਦੇ ਟਰਾਇਲ ਦੌਰਾਨ ਲੋੜ ਪੈ ਸਕਦੀ ਹੈ। ਉਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਸੀਬੀਆਈ ਦੇ ਕੋਲ ਹੈ ਅਤੇ ਅਦਾਲਤ ਸੀਬੀਆਈ ਨੂੰ ਫੁਟੇਜ ਸੰਭਾਲਣ ਦੇ ਆਦੇਸ਼ ਦੇਵੇ।