ਹਰਜੀਤ ਸਿੰਘ
ਡੇਰਾਬੱਸੀ, 4 ਅਕਤੂਬਰ
ਇੱਥੋਂ ਦੀ ਕਾਲਜ ਕਲੋਨੀ ਵਿੱਚ ਚੋਰ ਇੱਕ ਬੰਦ ਪਏ ਘਰ ਦੇ ਤਾਲੇ ਤੋੜ ਕੇ ਕਰੀਬ ਦੋ ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲੈ ਗਏ। ਚੋਰਾਂ ਵੱਲੋਂ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਪਰਿਵਾਰ ਘਰ ਨੂੰ ਤਾਲਾ ਲਾ ਕੇ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਮੌਕੇ ਦਾ ਮੁਆਇਨਾ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਕਾਨ ਮਾਲਕ ਵਿੱਦਿਆ ਭੂਸ਼ਨ ਤਿਵਾੜੀ ਵਾਸੀ ਕਾਲਜ ਕਲੋਨੀ ਨੇ ਦੱਸਿਆ ਕਿ ਉਹ ਪੰਚਕੂਲਾ ਵਿੱਚ ਇੱਕ ਨਿੱਜੀ ਕੈਮੀਕਲ ਕੰਪਨੀ ਵਿੱਚ ਬਤੌਰ ਮੈਨੇਜਰ ਨੌਕਰੀ ਕਰਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਸ਼ਨਿੱਚਰਵਾਰ ਘਰ ਨੂੰ ਤਾਲਾ ਲਾ ਕੇ ਆਪਣੇ ਪਰਿਵਾਰ ਨਾਲ ਰਿਸ਼ਤੇਦਾਰੀ ਵਿੱਚ ਰਾਜਪੁਰਾ ਗਿਆ ਸੀ। ਅੱਜ ਸਵੇਰ ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਘਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਚੋਰ ਘਰ ਵਿੱਚ ਪਏ ਤਕਰੀਬਨ ਦੋ ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲੈ ਗਏ ਹਨ।