ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 9 ਨਵੰਬਰ
ਸੋਹਾਣਾ ਦੇ ਬੈਦਵਾਣ ਸਪੋਰਟਸ ਕਲੱਬ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਾਏ ਗਏ 25ਵੇਂ ਸਾਲਾਨਾ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਯਾਦਗਾਰੀ ਕਬੱਡੀ ਕੱਪ ਵਿੱਚ ਟੀਮਾਂ ਦੀ ਬਹੁਤਾਤ ਕਾਰਨ ਸਾਰੀ ਰਾਤ ਮੁਕਾਬਲੇ ਚਲਦੇ ਰਹੇ। ਇੱਕ ਪਿੰਡ ਓਪਨ ਕਬੱਡੀ ਦੇ ਮੁਕਾਬਲਿਆਂ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ 80 ਤੋਂ ਵੱਧ ਟੀਮਾਂ ਪਹੁੰਚਣ ਕਾਰਨ ਮੈਚ ਦਾ ਫ਼ਾਈਨਲ ਤੜਕੇ ਨੂੰ ਤਿੰਨ ਵਜੇ ਸਮਾਪਤ ਹੋਇਆ।ਫਸਵੇਂ ਮੁਕਾਬਲੇ ਵਿੱਚ ਬੋਹਪੁਰ ਦੀ ਟੀਮ ਨੇ ਬਰਸਾਲਪੁਰ ਨੂੰ ਹਰਾ ਕੇ ਇਕਵੰਜ਼ਾ ਹਜ਼ਾਰ ਦਾ ਪਹਿਲਾ ਇਨਾਮ ਜਿੱਤਿਆ। ਦੂਜੇ ਸਥਾਨ ’ਤੇ ਰਹੀ ਟੀਮ ਨੂੰ 21 ਹਜ਼ਾਰ ਦਾ ਇਨਾਮ ਦਿੱਤਾ ਗਿਆ।
ਬਰਸਾਲਪੁਰ ਦੀ ਟੀਮ ਦੇ ਤਾਊ ਨੂੰ ਬੈਸਟ ਜਾਫ਼ੀ ਅਤੇ ਬੋਹਪੁਰ ਦੀ ਟੀਮ ਦੇ ਸਚਿਨ ਨੂੰ ਬਿਹਤਰੀਨ ਧਾਵੀ ਚੁਣਿਆ ਗਿਆ ਅਤੇ ਦੋਹਾਂ ਨੂੰ 21-21 ਹਜ਼ਾਰ ਦੀ ਨਕਦ ਰਾਸ਼ੀ ਨਾਲ ਸਨਮਾਨਿਆ ਗਿਆ। ਸੋਹਾਣਾ ਦੇ ਕਬੱਡੀ ਖਿਡਾਰੀ ਸਤਨਾਮ ਸਿੰਘ ਨੂੰ ਮੋਟਰਸਾਈਕਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਬੱਡੀ ਦੇ 75 ਕਿਲੋ ਭਾਰ ਵਿੱਚ ਕਡਿਆਣਾ ਦੀ ਟੀਮ ਫ਼ਸਟ ਅਤੇ ਭਾਦਸੋਂ ਦੀ ਟੀਮ ਸੈਕਿੰਡ ਰਹੀ। ਖੇਡ ਮੇਲੇ ਵਿੱਚ ਅਕਾਲੀ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਯੂਥ ਅਕਾਲੀ ਦਲ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਕਲੱਬ ਦੇ ਪ੍ਰਧਾਨ ਦਿਨੇਸ਼ ਚੌਧਰੀ, ਕਬੱਡੀ ਪ੍ਰਮੋਟਰ ਮਿੰਦਰ ਸੋਹਾਣਾ, ਕਬੱਡੀ ਫ਼ੈਡਰੇਸ਼ਨ ਦੇ ਮੀਤ ਪ੍ਰਧਾਨ ਤੇਜਿੰਦਰ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।