ਆਤਿਸ਼ ਗੁਪਤਾ
ਚੰਡੀਗੜ੍ਹ, 31 ਅਕਤੂਬਰ
ਇਥੋਂ ਦੀ ਸੁਖਨਾ ਝੀਲ ’ਤੇ 7 ਮਹੀਨਿਆਂ ਬਾਅਦ ਪਹਿਲੀ ਨਵੰਬਰ ਤੋਂ ਮੁੜ ਕਿਸ਼ਤੀਆਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਇਨ੍ਹਾਂ ਨੂੰ ਚਲਾਉਣ ਲਈ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੈਲਾਨੀਆਂ ਵਾਸਤੇ ਕਿਸ਼ਤੀਆਂ ਐਤਵਾਰ ਸਵੇਰੇ 8 ਵਜੇ ਤੋਂ ਚਲਾਊਣੀਆਂ ਸ਼ੁਰੂ ਕੀਤੀਆਂ ਜਾਣਗੀਆਂ ਤੇ ਦਿਨ ਛਿਪਣ ਤੱਕ ਇਹ ਸਰਵਿਸ ਜਾਰੀ ਰਹੇਗੀ। ਕਰੋਨਾਵਾਇਰਸ ਕਰਕੇ ਬੰਦ ਕੀਤੀ ਕਿਸ਼ਤੀਆਂ ਨੂੰ ਪ੍ਰਸ਼ਾਸਨ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਮੁੜ ਚਲਾਉਣ ਦਾ ਫ਼ੈਸਲਾ ਕੀਤਾ ਹੈ ਤੇ ਹਰੇਕ ਕਿਸ਼ਤੀ ਵਿੱਚ 50 ਫ਼ੀਸਦ ਸੈਲਾਨੀ ਹੀ ਬੈਠ ਸਕਣਗੇ। ਇਨ੍ਹਾਂ ਹੁਕਮਾਂ ਤਹਿਤ 30 ਸੀਟਾਂ ਵਾਲੀ ਕਿਸ਼ਤੀ ਵਿੱਚ 15 ਜਣੇ ਹੀ ਬੈਠਣਗੇ। ਇਸੇ ਤਰ੍ਹਾਂ ਸ਼ਿਕਾਰਾ ਕਿਸ਼ਤੀ ਵਿੱਚ 5 ਦੀ ਥਾਂ ਤਿੰਨ ਜਣਿਆਂ ਨੂੰ ਬੈਠਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ।
ਦੇਸ਼ ਵਿੱਚ ਕਰੋਨਾਵਾਇਰਸ ਦੇ ਪੈਰ ਪਸਾਰਨ ਕਰ ਕੇ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ’ਤੇ ਲੋਕਾਂ ਦੀ ਆਵਾਜਾਈ ਬੰਦ ਕਰਕੇ ਕਿਸ਼ਤੀਆਂ ਚਲਾਊਣੀਆਂ ਵੀ ਬੰਦ ਕਰ ਦਿੱਤੀਆਂ ਸਨ। ਕੇਂਦਰ ਸਰਕਾਰ ਵੱਲੋਂ ਕੋਵਿਡ ਨਿਯਮਾਂ ਸਬੰਧੀ ਦਿੱਤੀ ਢਿੱਲ ਮਗਰੋਂ ਯੂਟੀ ਪ੍ਰਸ਼ਾਸਨ ਨੇ ਸੈਲਾਨੀਆਂ ਲਈ ਸੁਖਨਾ ਝੀਲ ਤਾਂ ਖੋਲ੍ਹ ਦਿੱਤੀ ਸੀ ਪਰ ਕਿਸ਼ਤੀ ਸਰਵਿਸ ਪਿਛਲੇ ਕੁਝ ਸਮੇਂ ਤੋਂ ਬੰਦ ਪਈ ਸੀ ਜਿਸ ਨੂੰ ਪਹਿਲੀ ਨਵੰਬਰ ਤੋਂ ਬਹਾਲ ਕੀਤਾ ਜਾ ਰਿਹਾ ਹੈ।। ਇਸ ਦੇ ਨਾਲ ਹੀ ਸ਼ਹਿਰ ਵਿੱਚ ਮਨੋਰੰਜਨ ਪਾਰਕ ਵੀ ਖੋਲ੍ਹੇ ਗਏ ਹਨ। ਕਿਸ਼ਤੀ ਸਰਵਿਸ ਬਹਾਲ ਹੋਣ ਨਾਲ ਚੰਡੀਗੜ੍ਹ ਵਾਸੀਆਂ ਤੇ ਹੋਰਨਾਂ ਇਲਾਕਿਆਂ ਤੋਂ ਆਊਣ ਵਾਲੇ ਸੈਲਾਨੀਆਂ ’ਚ ਕਾਫੀ ਊਤਸ਼ਾਹ ਹੈ।
ਨਗਰ ਨਿਗਮ ਨੇ ਕਿਸ਼ਤੀਆਂ ਨੂੰ ਸੈਨੇਟਾਈਜ਼ ਕੀਤਾ
ਨਗਰ ਨਿਗਮ ਵੱਲੋਂ ਕਿਸ਼ਤੀਆਂ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀ ਦਾ ਕਹਿਣਾ ਹੈ ਕਿ ਦਿਨ ਵਿੱਚ ਸਮੇਂ-ਸਮੇਂ ’ਤੇ ਕਿਸ਼ਤੀਆਂ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸ਼ਤੀ ਵਿੱਚ ਸਫ਼ਰ ਕਰਨ ਵਾਲੇ ਵਿਅਕਤੀਆਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਉਨ੍ਹਾਂ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਮਗਰੋਂ ਹੀ ਕਿਸ਼ਤੀ ਵਿੱਚ ਬੈਠਣ ਲਈ ਪ੍ਰਵਾਨਗੀ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ 50 ਫ਼ੀਸਦ ਸਿਟਿੰਗ ਦੇ ਬਾਵਜੂਦ ਕਿਸ਼ਤੀ ਵਿੱਚ ਸਫ਼ਰ ਕਰਨ ਲਈ ਕਿਰਾਏ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।