ਆਤਿਸ਼ ਗੁਪਤਾ
ਚੰਡੀਗੜ੍ਹ, 1 ਨਵੰਬਰ
ਯੂਟੀ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ’ਤੇ 7 ਮਹੀਨੇ ਬਾਅਦ ਕਿਸ਼ਤੀਆਂ ਚਲਾਉਣ ਦੇ ਫ਼ੈਸਲੇ ਸਬੰਧੀ ਲੋਕਾਂ ਵਿੱਚ ਭਾਰੀ ਉਤਸ਼ਾਹ ਵਿਖਾਈ ਦਿੱਤਾ ਹੈ। ਅੱਜ ਪਹਿਲੇ ਦਿਨ ਸ਼ਹਿਰ ਭਰ ਤੋਂ ਵੱਡੀ ਗਿਣਤੀ ਵਿੱਚ ਲੋਕ ਸੁਖਨਾ ਝੀਲ ’ਤੇ ਕਿਸ਼ਤੀਆਂ ਦੇ ਝੂਟੇ ਲੈਣ ਲਈ ਪਹੁੰਚੇ। ਅੱਜ 750 ਦੇ ਕਰੀਬ ਲੋਕ ਹੀ ਕਿਸ਼ਤੀਆਂ ਵਿੱਚ ਝੂਟੇ ਲੈ ਸਕੇ। ਪ੍ਰਸ਼ਾਸਨ ਨੇ ਅੱਜ ਪਹਿਲੇ ਦਿਨ ਹੀ ਇਕ ਲੱਖ 64 ਹਜ਼ਾਰ ਰੁਪਏ ਦੀ ਕਮਾਈ ਕੀਤੀ ਹੈ।
ਪ੍ਰਸ਼ਾਸਨ ਦੇ ਕਿਸ਼ਤੀਆਂ ਚਲਾਉਣ ਦੇ ਫ਼ੈਸਲੇ ਬਾਰੇ ਜਾਣਕਾਰੀ ਮਿਲਦੇ ਹੀ ਵੱਡੀ ਗਿਣਤੀ ਵਿੱਚ ਲੋਕ ਸਵੇਰੇ ਹੀ ਸੁਖਨਾ ਝੀਲ ’ਤੇ ਪਹੁੰਚੇ। ਜਦਕਿ ਸੁਖਨਾ ’ਤੇ ਹਾਜ਼ਰ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਅਤੇ ਯੂਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਦਾਇਤਾਂ ਦੀ ਪਾਲਣਾ ਕਰਦਿਆਂ ਕਿਸ਼ਤੀਆਂ ਵਿੱਚ 50 ਫ਼ੀਸਦ ਸੀਟਿੰਗ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਕਰਕੇ ਕਈ ਲੋਕ ਝੂਟੇ ਲੈਣ ਤੋਂ ਵਾਂਝੇ ਰਹਿ ਗਏ। ਸਿਟਕੋ ਦੇ ਸੀਨੀਅਰ ਅਧਿਕਾਰੀ ਰਾਕੇਸ਼ ਪੋਪਲੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸ਼ਤੀਆਂ ਵਿੱਚ 50 ਫ਼ੀਸਦ ਸਵਾਰੀਆਂ ਨੂੰ ਬੈਠਣ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਿਸ਼ਤੀ ਵਿੱਚ ਸਫ਼ਰ ਕਰਨ ਲਈ ਟਿਕਟਾਂ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। ਸਿਟਕੋ ਅਧਿਕਾਰੀ ਅਨੁਸਾਰ ਕਿਸ਼ਤੀਆਂ ਨੂੰ ਵਾਰ-ਵਾਰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਿਟਕੋ ਵੱਲੋਂ 30 ਸੀਟਾਂ ਵਾਲੀ ਕਿਸ਼ਤੀ ਵਿੱਚ 15, 5 ਸੀਟਾਂ ਵਾਲੀ ’ਚ 3 ਅਤੇ ਪੈਡਲ ਕਿਸ਼ਤੀ ਵਿੱਚ 4 ਦੀ ਥਾਂ ਦੋ ਜਣਿਆਂ ਨੂੰ ਬਿਠਾਇਆ ਜਾ ਰਿਹਾ ਹੈ। ਕਿਸ਼ਤੀ ਚਲਾਉਣ ਦੇ ਫ਼ੈਸਲੇ ਤੋਂ ਬਾਅਦ ਪੰਛੀਆਂ ਨੂੰ ਵੇਖਣ ਲਈ ‘ਬਰਡ ਵਾਚਿੰਗ ਪੁਆਇੰਟ’ ਖੋਲ੍ਹਣ ਦਾ ਫ਼ੈਸਲਾ ਕਰਨ ਜਾ ਰਿਹਾ ਹੈ। ਇਸ ਨਾਲ ਲੋਕ ਸੁਖਨਾ ਝੀਲ ਦੇ ਪਿਛਲੇ ਪਾਸੇ ਸਥਿਤ ਟਰੈਕ ’ਤੇ ਜਾ ਕੇ ਸੈਲਾਨੀ ਪੰਛੀ ਵੇਖ ਸਕਣਗੇ ਕਿਉਂਕਿ ਅਕਤੂਬਰ ਤੋਂ ਮਾਰਚ ਤੱਕ ਲੱਖਾਂ ਮੀਲ ਦੂਰੋਂ ਪੰਛੀ ਸੁਖਨਾ ਝੀਲ ’ਤੇ ਆਉਂਦੇ ਹਨ ਅਤੇ ਇੱਥੇ ਰਹਿੰਦੇ ਹਨ। ਦੱਸਣਯੋਗ ਹੈ ਕਿ ‘ਬਰਡ ਵਾਚਿੰਗ ਪੁਆਇੰਟ’ ’ਤੇ ਲੋਕ ਪੰਛੀਆਂ ਦੀ ਕਿਸਮਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ।