ਕਰਮਜੀਤ ਸਿੰਘ ਚਿੱਲਾ
ਬਨੂੜ, 31 ਜਨਵਰੀ
ਆਲੂ ਦੀ ਫ਼ਸਲ ਨੂੰ ਪਹਿਲਾਂ ਝੁਲਸ ਰੋਗ ਤੇ ਹੁਣ ਪਿਛਲੇ ਹਫ਼ਤੇ ਪਏ ਭਾਰੇ ਮੀਂਹ ਨੇ ਆਲੂ ਉਤਪਾਦਕਾਂ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ ਹੈ। ਆਲੂਆਂ ਦੀਆਂ ਗਿੱਲੀਆਂ ਵੱਟਾਂ ਕਾਰਨ ਆਲੂ ਖ਼ਰਾਬ ਹੋਣੇ ਸ਼ੁਰੂ ਹੋ ਗਏ ਹਨ। ਮੌਸਮ ਵਿਭਾਗ ਦੀ ਦੁਬਾਰਾ ਫੇਰ ਮੌਸਮ ਦੇ ਖ਼ਰਾਬੇ ਦੀ ਚਿਤਾਵਨੀ ਨੇ ਕਿਸਾਨਾਂ ਨੂੰ ਫ਼ਿਕਰ ਵਿਚ ਪਾ ਦਿੱਤਾ ਹੈ।
ਬਨੂੜ ਖੇਤਰ ਵਿੱਚ ਵੱਡੀ ਪੱਧਰ ਉੱਤੇ ਆਲੂ ਦੀ ਕਾਸ਼ਤ ਹੁੰਦੀ ਹੈ। ਪਿੰਡ ਅਬਰਾਵਾਂ ਦੇ ਆਲੂ ਉਤਪਾਦਕ ਤਜਿੰਦਰ ਸਿੰਘ, ਕਮਲਜੀਤ ਲਵਲੀ ਅਬਰਾਵਾਂ, ਸਰਪੰਚ ਲੱਖੀ ਅਬਰਾਵਾਂ, ਬਲਦੇਵ ਸਿੰਘ ਕਨੌੜ, ਕੇਸਰ ਸਿੰਘ ਕਨੌੜ, ਜਸਬੀਰ ਸਿੰਘ ਖਲੌਰ, ਜਸਵੰਤ ਸਿੰਘ ਹੁਲਕਾ, ਸਰਪੰਚ ਜਸਪਾਲ ਸਿੰਘ ਨੰਦਗਡ੍ਹ, ਕੁਲਵੰਤ ਸਿੰਘ ਨਡਿਆਲੀ, ਲੰਬੜਦਾਰ ਹਰਪਾਲ ਸਿੰਘ ਸ਼ੰਭੂ ਕਲਾਂ, ਹਰਮਨ ਸ਼ੰਭੂ ਕਲਾਂ, ਰਿੰਕੂ ਸ਼ੰਭੂ ਕਲਾਂ ਤੋਂ ਇਲਾਵਾ ਇਲਾਕੇ ਦੇ ਹੋਰ ਆਲੂ ਉਤਪਾਦਕਾਂ ਨੇ ਦੱਸਿਆ ਕਿ ਆਲੂਆਂ ਉੱਤੇ ਤੀਹ ਹਜ਼ਾਰ ਤੋਂ ਵੱਧ ਪ੍ਰਤੀ ਏਕੜ ਖ਼ਰਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਫ਼ਸਲ ਨੂੰ ਝੁਲਸ ਰੋਗ ਤੋਂ ਬਚਾਉਣ ਲਈ ਕਈ ਸਪਰੇ ਕਰਨੇ ਪਏ ਹਨ।
ਉਨ੍ਹਾਂ ਕਿਹਾ ਕਿ ਲਗਾਤਾਰ ਮੌਸਮ ਦੇ ਖ਼ਰਾਬੇ ਕਾਰਨ ਆਲੂਆਂ ਦੀ ਪੁਟਾਈ ਨਹੀਂ ਹੋ ਸਕੀ ਤੇ ਵੱਟਾਂ ਗਿੱਲੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਜੇ ਦੁਬਾਰਾ ਮੀਂਹ ਪੈ ਗਿਆ ਤਾਂ ਆਲੂਆਂ ਦੀ ਸਮੁੱਚੀ ਫ਼ਸਲ ਤਬਾਹ ਹੋ ਜਾਵੇਗੀ। ਆਲੂਆਂ ਦੀਆਂ ਵੱਟਾਂ ਵਿੱਚੋਂ ਕੀਤੀ ਪੁਟਾਈ ਸਮੇਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਝੁਲਸ ਰੋਗ ਕਾਰਨ ਆਲੂਆਂ ਦਾ ਆਕਾਰ ਛੋਟਾ ਰਹਿ ਗਿਆ ਹੈ। ਆਲੂ ਵੱਡੀ ਮਾਤਰਾ ਵਿੱਚ ਗਲ ਵੀ ਗਏ ਹਨ। ਕਿਸਾਨਾਂ ਨੇ ਖ਼ਰਾਬੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।