ਹਰਜੀਤ ਸਿੰਘ
ਡੇਰਾਬੱਸੀ, 30 ਜਨਵਰੀ
ਹਲਕਾ ਡੇਰਾਬੱਸੀ ਤੋਂ ਭਾਜਪਾ ਉਮੀਦਵਾਰ ਸੰਜੀਵ ਖੰਨਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਟਿਕਟ ਨਾ ਮਿਲਣ ਤੋਂ ਲੰਘੇ ਦਿਨਾਂ ਤੋਂ ਨਾਰਾਜ਼ ਪਾਰਟੀ ਸੂਬਾ ਕਾਰਜਕਾਰੀ ਮੈਂਬਰ ਐਡਵੋਕੇਟ ਮੁਕੇਸ਼ ਗਾਂਧੀ ਉਨ੍ਹਾਂ ਨਾਲ ਚਲਣ ਲਈ ਰਾਜ਼ੀ ਹੋ ਗਏ। ਸ੍ਰੀ ਗਾਂਧੀ ਨੂੰ ਮਨਾਉਣ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਅੱਜ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਸੂਬਾ ਚੋਣ ਇੰਚਾਰਜ ਦੁਸ਼ਯੰਤ ਗੌਤਮ ਪਹੁੰਚੇ।
ਇਸ ਦੌਰਾਨ ਸ੍ਰੀ ਗਾਂਧੀ ਦੇ ਸਮਰਥਕਾਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਭਾਜਪਾ ਨੇ 25 ਸਾਲਾਂ ਤੋਂ ਪਾਰਟੀ ਲਈ ਕੰਮ ਕਰਨ ਵਾਲੇ ਆਗੂ ਦੀ ਅਣਦੇਖੀ ਕਰਦਿਆਂ ਕੁਝ ਸਮਾਂ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਆਗੂ ਨੂੰ ਟਿਕਟ ਦੇ ਕੇ ਕਥਿਤ ਤੌਰ ’ਤੇ ਧੱਕੇਸ਼ਾਹੀ ਕੀਤੀ ਹੈ। ਇਸ ਰੋਸ ਵਜੋਂ ਪਾਰਟੀ ਦੇ ਕਈ ਅਹੁਦੇਦਾਰਾਂ ਨੇ ਅਸਤੀਫੇ ਦੇ ਦਿੱਤੇ ਸਨ ਜਿਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਨੇ ਨਾਮਨਜ਼ੂਰ ਕਰ ਦਿੱਤਾ ਸੀ। ਇਸ ਮੌਕੇ ਦੁਸ਼ਯੰਤ ਗੌਤਮ ਨੇ ਸਾਰੇ ਵਰਕਰਾਂ ਦਾ ਰੋਸ ਸੁਣਨ ਮਗਰੋਂ ਕਿਹਾ ਕਿ ਪਾਰਟੀ ਸੋਚ ਸਮਝ ਕੇ ਫੈਸਲੇ ਲੈਂਦੀ ਹੈ ਅਤੇ ਟਿਕਟ ਇਕ ਦਾਅਵੇਦਾਰ ਨੂੰ ਮਿਲਦਾ ਹੈ ਜਿਸ ਤੋਂ ਬਾਅਦ ਸਭ ਨੂੰ ਨਾਲ ਚਲਣਾ ਹੁੰਦਾ ਹੈ। ਉਨ੍ਹਾਂ ਨੇ ਸ੍ਰੀ ਗਾਂਧੀ ਦੇ ਸਮਰਥਕਾਂ ਨੂੰ ਭਰੋਸਾ ਦਿੱਤਾ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਜਾਏਗੀ।
ਇਸ ਮੌਕੇ ਸ੍ਰੀ ਗਾਂਧੀ ਨੇ ਕਿਹਾ ਕਿ ਅੱਜ ਸਮਰਥਕਾਂ ਦਾ ਸਾਰਾ ਰੋਸ ਦੂਰ ਹੋ ਗਿਆ ਹੈ ਅਤੇ ਹੁਣ ਹਰੇਕ ਵਰਕਰ ਪਾਰਟੀ ਲਈ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਉਹ ਸ੍ਰੀ ਖੰਨਾ ਨੂੰ ਜਿਤਾਉਣ ਲਈ ਪੂਰੀ ਵਾਹ ਲਾਉਣਗੇ। ਇਸ ਮੌਕੇ ਭਾਜਪਾ ਉਮੀਦਵਾਰ ਸੰਜੀਵ ਖੰਨਾ ਸਣੇ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।
ਫ਼ਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਸਿੱਧੂਵਾਲ, ਅਰਾਈ ਮਾਜਰਾ, ਰਾਜਿੰਦਰ ਨਗਰ, ਝਿੰਜਰਾ, ਸੇਖੂਪੁਰ ਵਿੱਚ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਕਾਂਗਰਸ ਦਾ ਸਾਥ ਦੇਣ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਈ ਪਾਰਟੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਕੇ ਆਪਣੇ ਸਿਆਸੀ ਹਿੱਤ ਪੂਰਨ ਦੀ ਤਾਕ ਵਿੱਚ ਰਹਿੰਦੀਆਂ ਹਨ ਜਿਸ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 2017 ਵਿਚ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਸੀ, ਉਸ ਨੂੰ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਪੂਰਾ ਨਿਭਾਇਆ ਹੈ ਅਤੇ ਹਲਕੇ ਨੂੰ ਵਿਕਾਸ ਪੱਖੋ ਪਹਿਲੀ ਕਤਾਰ ਵਿੱਚ ਲਿਆਂਦਾ ਹੈ। ਇਸ ਲਈ ਹਲਕੇ ਦੇ ਰਹਿੰਦੇ ਕਾਰਜਾਂ ਨੂੰ ਮੁਕੰਮਲ ਕਰਵਾਉਂਣ ਲਈ ਉਨ੍ਹਾਂ ਨੂੰ ਮੁੜ ਕਾਮਯਾਬ ਕੀਤਾ ਜਾਵੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਉਪ ਚੇਅਰਮੈਨ ਇੰਦਰਪਾਲ ਸਿੰਘ, ਸਰਪੰਚ ਜਗਦੀਪ ਸਿੰਘ ਨੰਬਰਦਾਰ, ਸਮਿਤੀ ਮੈਂਬਰ ਲਖਵਿੰਦਰ ਸਿੰਘ, ਸਰਪੰਚ ਕੁਲਵਿੰਦਰ ਸਿੰਘ ਬਾਗੜੀਆ, ਪਰਮਿੰਦਰ ਸਿੰਘ ਮਾਂਗਟ, ਸਰਪੰਚ ਸੁਖਵਿੰਦਰ ਸਿੰਘ ਕਾਲਾ, ਰਾਜਿੰਦਰ ਸਿੰਘ, ਪਰਮਿੰਦਰ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ।
ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਨੇ ਭਾਜਪਾ ਦਾ ਚੋਣ ਨਿਸ਼ਾਨ ਅਪਣਾਇਆ
ਕੁਰਾਲੀ (ਮਿਹਰ ਸਿੰਘ): ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਵੱਲੋਂ ਹਲਕਾ ਖਰੜ ਤੋਂ ਉਤਾਰਿਆ ਉਮੀਦਵਾਰ ਕਮਲਦੀਪ ਸੈਣੀ ਹੁਣ ‘ਹਾਕੀ ਬਾਲ’ ਦੀ ਥਾਂ ‘ਕਮਲ ਦੇ ਫੁੱਲ’ ਨਾਲ ਚੋਣ ਮੈਦਾਨ ਵਿੱਚ ਨਜ਼ਰ ਆਉਣਗੇ। ਕਮਲਦੀਪ ਸੈਣੀ ਨੇ ਨੇੜਲੇ ਪਿੰਡ ਕਨੌੜਾਂ ਵਿਚ ਕੀਤੀ ਚੋਣ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਉਹ ਗਠਜੋੜ ਦੇ ਫੈਸਲੇ ਅਤੇ ਹਲਕੇ ਦੇ ਲੋਕਾਂ ਦੀ ਮੰਗ ਅਨੁਸਾਰ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ’ਤੇ ਚੋਣ ਲੜਨਗੇ। ਇਸੇ ਦੌਰਾਨ ਕਮਲਦੀਪ ਸੈਣੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਚੋਣ ਨਿਸ਼ਾਨ ਭਾਵੇਂ ‘ਹਾਕੀ-ਬਾਲ’ ਹੈ ਪਰ ਹਲਕੇ ਦੇ ਦੌਰੇ ਦੌਰਾਨ ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਉਨ੍ਹਾਂ ਨੇ ਭਾਜਪਾ ਦੇ ਚੋਣ ਨਿਸ਼ਾਨ ‘ਕਮਲ ਦੇ ਫੁੱਲ’ ’ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗਠਜੋੜ ਦੀ ਸਾਂਝੀ ਕਮੇਟੀ ਵੱਲੋਂ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਉਹ ਆਪਣੀ ਨਾਮਜ਼ਦਗੀ ਫੁੱਲ ਨਿਸ਼ਾਨ ਤਹਿਤ ਹੀ ਦਾਖਲ ਕਰਨਗੇ। ਇਸੇ ਦੌਰਾਨ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ (ਸੰਯੁਕਤ) ਵੱਲੋਂ ਸੀਟਾਂ ਦੀ ਕੀਤੀ ਵੰਡ ਦੌਰਾਨ ਹਲਕਾ ਖਰੜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਦੇ ਹਿੱਸੇ ਆਇਆ ਸੀ। ਪੰਜਾਬ ਲੋਕ ਕਾਂਗਰਸ ਵੱਲੋਂ ਇਸ ਸੀਟ ਤੋਂ ਕਮਲਦੀਪ ਸੈਣੀ ਨੂੰ ‘ਹਾਕੀ-ਬਾਲ’ ਚੋਣ ਨਿਸ਼ਾਨ ਨਾਲ ਮੈਦਾਨ ਵਿੱਚ ਉਤਾਰਿਆ ਸੀ ਪਰ ਹੁਣ ਕਲਦੀਪ ਸੈਣੀ ਨੂੰ ਭਾਜਪਾ ਦੇ ਚੋਣ ਨਿਸ਼ਾਨ ਤਹਿਤ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਸ੍ਰੀ ਸੈਣੀ ਨੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਕਰਜ਼ੇ ਵਿੱਚੋਂ ਕੱਢਣ ਲਈ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਅਕਾਲੀ ਦਲ (ਸੰਯੁਕਤ) ਦੀ ਸਰਕਾਰ ਬਣਾਉਣੀ ਲਾਜ਼ਮੀ ਹੈ।