ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਨਵੰਬਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ਨਜ਼ਦੀਕ ਆਉਣ ਨਾਲ ਰਾਜਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਦੌਰਾਨ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਪਿਛਲੀ ਵਾਰ ਭਾਜਪਾ ਨੇ 26 ਵਿੱਚੋਂ 20 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ ਤੇ ਇਸ ਵਾਰ ਸਾਰੀਆਂ ਸੀਟਾਂ ’ਤੇ ਭਾਜਪਾ ਵੱਡੇ ਅੰਤਰ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ‘ਆਪ’ ਵਿੱਚ ਵਖਰੇਵੇਂ ਹੁਣੇ ਤੋਂ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨੇਤਾ ਵਾਪਸ ਕਾਂਗਰਸ ਵਿੱਚ ਜਾਣ ਲੱਗੇ ਹਨ। ‘ਆਪ’ ਵਿੱਚ ਨਾ ਕੋਈ ਸੰਗਠਨ ਹੈ ਅਤੇ ਨਾ ਹੀ ਕੋਈ ਚਿਹਰਾ ਹੈ। ਆਮ ਆਦਮੀ ਪਾਰਟੀ ਕਾਂਗਰਸ ਦੀ ਹੀ ਬੀ-ਟੀਮ ਹੈ। ਉਨ੍ਹਾਂ ਨੇ ਕਾਂਗਰਸ ਨੂੰ ਵੀ ਚੁਣੋਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਸ਼ਹਿਰ ਵਿੱਚ ਕੋਈ ਵਜੂਦ ਨਹੀਂ ਹੈ।
ਇਥੇ ਸੈਕਟਰ-33 ਵਿੱਚ ਭਾਜਪਾ ਦਫ਼ਤਰ ‘ਕਮਲਮ’ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਸੂਦ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਗਰ ਨਿਗਮ ਚੋਣ ਵਿੱਚ ਆਪਣਾ ਸੰਕਲਪ ਪੱਤਰ ਆਮ ਜਨਤਾ ਦੀ ਭਾਗੀਦਾਰੀ ਨਾਲ ਤਿਆਰ ਕਰੇਗੀ। ਇਸੇ ਆਧਾਰ ’ਤੇ ਆਉਣ ਵਾਲੇ 5 ਸਾਲਾਂ ਲਈ ਰੋਡਮੈਪ ਤਿਆਰ ਕੀਤਾ ਜਾਵੇਗਾ। ਲੋਕਤੰਤਰ ਅਤੇ ਵਿਕਾਸ ਦੀ ਇਸ ਮੁਹਿੰਮ ਨੂੰ ਜਾਰੀ ਰੱਖਣ ਲਈ ਭਾਜਪਾ ਚੰਡੀਗੜ੍ਹ ਦੀ ਜਨਤਾ ਕੋਲ ਜਾਵੇਗੀ ਤੇ ਉਨ੍ਹਾਂ ਦੀ ਹਿੱਸੇਦਾਰੀ ਤੈਅ ਕਰੇਗੀ। ਉਨ੍ਹਾਂ ਨੇ ਸੱਦਾ ਦਿੱਤਾ ਕਿ ਅਗਲੇ 5 ਸਾਲਾਂ ਵਿੱਚ ਚੰਡੀਗੜ੍ਹ ਨੂੰ ਦੇਸ਼ ਅਤੇ ਸੰਸਾਰ ਪੱਧਰ ਦਾ ਅੱਵਲ ਸ਼ਹਿਰ ਬਣਾਇਆ ਜਾਵੇ। ਇਸ ਦਾ ਰੋਡਮੈਪ ਬਣਾਉਣ ਦੇ ਲਈ ਭਾਜਪਾ ਵੱਲੋਂ ‘ਤੁਹਾਡਾ ਚੰਡੀਗੜ੍ਹ, ਤੁਹਾਡਾ ਸੁਝਾਅ’ ਅਭਿਆਨ ਸ਼ੁਰੂ ਕੀਤਾ ਜਾਵੇਗਾ।
ਇਸ ਅਭਿਆਨ ਤਹਿਤ ਹਰ ਮੁਹੱਲੇ ਵਿੱਚ ਪ੍ਰਮੁੱਖ ਸਥਾਨਾਂ ਉੱਤੇ ਸੁਝਾਅ ਸੰਦੂਕੜੀ ਰੱਖੀ ਜਾਵੇਗੀ ਜਿਸ ਵਿੱਚ ਜਨਤਾ ਆਪਣਾ ਸੁਝਾਅ ਲਿਖ ਕੇ ਦੇ ਸਕੇਗੀ। ਲੋਕ ਮਿਸਡ ਕਾਲ ਦੇ ਕੇ ਵੀ ਆਪਣੇ ਸੁਝਾਅ ਰਿਕਾਰਡਿੰਗ ਦੇ ਮਾਧਿਅਮ ਰਾਹੀਂ ਦੇ ਸਕਣਗੇ। ਵੈੱਬਸਾਈਟ ਉੱਤੇ ਜਾ ਕੇ ਵੀ ਸੁਝਾਅ ਦਰਜ ਕਰਵਾਏ ਜਾ ਸਕਦੇ ਹਨ। ਇਸ ਦੇ ਇਲਾਵਾ ਭਾਜਪਾ ਵਰਕਰ ਲੋਕਾਂ ਨਾਲ ਚਰਚਾ ਕਰਨਗੇ ਅਤੇ ਉਨ੍ਹਾਂ ਦੇ ਸੁਝਾਅ ਲੈਣਗੇ। ਸ੍ਰੀ ਸੁਦ ਨੇ ਕਿਹਾ ਕਿ ਨਿਗਮ ਚੋਣਾਂ ਲਈ ਚਾਹਵਾਨ ਉਮੀਦਵਾਰਾਂ ਨੇ ਜ਼ਿਲ੍ਹਾ ਪ੍ਰਧਾਨਾਂ ਕੋਲ ਚੋਣ ਲੜਨ ਲਈ ਅਰਜ਼ੀਆਂ ਦੇ ਦਿੱਤੀਆਂ ਹਨ। ਹੁਣ ਹਾਈ ਕਮਾਂਡ ਦੀ ਮੀਟਿੰਗ ਤੋਂ ਬਾਅਦ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।